ਪ੍ਰਭੂ ਦਿਆਲ
ਸਿਰਸਾ, 4 ਨਵੰਬਰ
ਨਸ਼ਾ ਤਸਕਰੀ ਦੇ ਦੋਸ਼ ਹੇਠ ਫੜੇ ਪਿੰਡ ਚੱਕ ਸਾਹਿਬਾਂ ਦੇ ਅਕਾਸ਼ਦੀਪ ਦੀ ਪੁਲੀਸ ਹਿਰਾਸਤ ’ਚ ਹੋਈ ਭੇਤਭਰੀ ਮੌਤ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਏ ਜਾਣ ਦੇ ਐੱਸਪੀ ਵਿਕਰਾਂਤ ਭੂਸ਼ਨ ਵੱਲੋਂ ਦਿੱਤੇ ਗਏ ਭਰੋਸੇ ਮਗਰੋਂ ਪੀੜਤ ਪਰਿਵਾਰ ਮ੍ਰਤਿਕ ਦੇ ਸਸਕਾਰ ਲਈ ਰਾਜ਼ੀ ਹੋ ਗਿਆ ਜਿਸ ਮਗਰੋਂ ਗਮਗੀਨ ਮਾਹੌਲ ’ਚ ਮ੍ਰਤਿਕ ਦਾ ਸਸਕਾਰ ਕਰ ਦਿੱਤਾ ਗਿਆ।
ਪੁਲੀਸ ਦੇ ਐਂਟੀ ਨਾਰਕੋਟਿਕ ਸੈਲ ਦੀ ਟੀਮ ਦੀ ਹਿਰਾਸਤ ਵਿੱਚ ਪਿੰਡ ਚੱਕ ਸਾਹਿਬਾਂ ਦੇ ਅਕਾਸ਼ਦੀਪ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਅੱਜ ਸਿਰਸਾ ਹਸਪਤਾਲ ਦੇ ਮੁਰਦਾਘਰ ਦੇ ਬਾਹਰ ਪੁਲੀਸ ਖ਼ਿਲਾਫ਼ ਜ਼ੋਰਦਾਰ ਪ੍ਰਦਸ਼ਨ ਕੀਤਾ ਤੇ ਮ੍ਰਤਿਕ ਦੀ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਦੌਰਾਨ ਹਸਪਤਾਲ ਦੇ ਬਾਹਰ ਵੱਡੀ ਗਿਣਤੀ ’ਚ ਪੁਲੀਸ ਤਾਇਨਾਤ ਸੀ। ਡੀਐੱਸਪੀ ਜਗਤ ਸਿੰਘ ਨੇ ਪੀੜਤ ਪਰਿਵਾਰ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਮੁਲਜ਼ਮ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ’ਤੇ ਅੜਿਆ ਰਿਹਾ। ਕਾਫੀ ਜੱਦੋ-ਜਹਿਦ ਮਗਰੋਂ ਪੁਲੀਸ ਅਧਿਕਾਰੀ ਪੀੜਤ ਧਿਰ ਨੂੰ ਐੱਸਪੀ ਨੂੰ ਮਿਲਵਾਉਣ ਲਈ ਰਾਜ਼ੀ ਕੀਤਾ ਤਾਂ ਪੀੜਤ ਪਰਿਵਾਰ ਨੇ ਐਸਪੀ ਵਿਕਰਾਂਤ ਭੂਸ਼ਨ ਨਾਲ ਮੁਲਾਕਾਤ ਕੀਤੀ ਅਤੇ ਮੁਲਜ਼ਮਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ। ਐੱਸਪੀ ਨੇ ਪੀੜਤ ਪਰਿਵਾਰ ਨੂੰ ਭਰੋਸਾ ਦਿਵਾਇਆ ਕਿ ਮਾਮਲੇ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇਗੀ। ਇਸ ਲਈ ਟੀਮ ਦਾ ਗਠਨ ਕੀਤਾ ਜਾ ਰਿਹਾ ਹੈ। ਟੀਮ ਵੱਲੋਂ ਕੀਤੀ ਗਈ ਜਾਂਚ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ। ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਗਰੋਂ ਪਰਿਵਾਰ ਮ੍ਰਤਿਕ ਦੀ ਦੇਹ ਲੈਣ ਲਈ ਰਾਜ਼ੀ ਹੋ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨ ਪੁਲੀਸ ਦੀ ਐਂਟੀ ਨਾਰਕੋਟਿਕ ਸੈਲ ਦੀ ਟੀਮ ਵੱਲੋਂ ਪਿੰਡ ਚੱਕ ਸਾਹਿਬਾਂ ਦੇ 18 ਸਾਲਾ ਅਕਾਸ਼ਦੀਪ ਨੂੰ ਨਸ਼ਾ ਤਸਕਰੀ ਦੇ ਦੋਸ਼ ਹੇਠ ਰਿਹਾਸਤ ਵਿੱਚ ਲਿਆ ਗਿਆ ਸੀ। ਪੁਲੀਸ ਵੱਲੋਂ ਹਿਰਾਸਤ ਵਿੱਚ ਲਏ ਜਾਣ ਮਗਰੋਂ ਅਕਾਸ਼ਦੀਪ ਦੀ ਸਿਹਤ ਖਰਾਬ ਹੋ ਗਈ ਜਿਸ ਨੂੰ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।