ਪੱਤਰ ਪ੍ਰੇਰਕ
ਪਠਾਨਕੋਟ, 5 ਨਵੰਬਰ
ਦੀਵਾਲੀ ਦਾ ਤਿਉਹਾਰ ਸਿਰ ’ਤੇ ਹੈ ਪਰ ਪਠਾਨਕੋਟ ਅੰਦਰ ਫਾਇਰ ਬ੍ਰਿਗੇਡ ਵਿਭਾਗ ਕੋਲ ਭੀੜੀਆਂ ਗਲੀਆਂ ਅੰਦਰ ਅੱਗ ਨਾਲ ਨਿਪਟਣ ਲਈ ਕੋਈ ਵੀ ਛੋਟੀ ਗੱਡੀ ਨਹੀਂ ਹੈ। ਪਠਾਨਕੋਟ ਨਗਰ ਨਿਗਮ ਦੇ ਫਾਇਰ ਵਿਭਾਗ ਕੋਲ ਧਾਰਕਲਾਂ ਦੇ ਕਟੋਰੀ ਬੰਗਲਾ, ਦੁਨੇਰਾ, ਸਰਹੱਦੀ ਕਸਬਾ ਬਮਿਆਲ, ਮੀਰਥਲ ਅਤੇ ਮਾਧੋਪੁਰ ਤੱਕ ਦਾ ਖੇਤਰ ਹੈ। ਹਾਲਾਂਕਿ ਵਿਭਾਗ ਕੋਲ ਅੱਗ ਨਾਲ ਨਿਟਪਣ ਲਈ 4 ਵੱਡੀਆਂ ਫਾਇਰ ਟੈਂਡਰ ਗੱਡੀਆਂ ਹਨ।
ਪਠਾਨਕੋਟ ਸ਼ਹਿਰ ਦੇ ਅੱਧੇ ਤੋਂ ਵੱਧ ਹਿੱਸੇ ਅੰਦਰ ਭੀੜੀਆਂ ਗਲੀਆਂ ਹਨ, ਜਿੱਥੇ ਇਹ ਵੱਡੀਆਂ ਫਾਇਰ ਗੱਡੀਆਂ ਦਾਖਲ ਨਹੀਂ ਹੋ ਸਕਦੀਆਂ। ਜੇਕਰ ਕਿਧਰੇ ਤੰਗ ਗਲੀਆਂ ਵਿੱਚ ਅੱਗ ਲੱਗ ਜਾਵੇ ਤਾਂ ਉਸ ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਕੋਲ ਕੋਈ ਪ੍ਰਬੰਧ ਨਹੀਂ ਹੈ। ਤੰਗ ਗਲੀਆਂ ਵਿੱਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਕੋਲ ਇੱਕ ਛੋਟੀ ਫਾਇਰ ਜੀਪ ਹੁੰਦੀ ਸੀ ਜੋ ਪਿਛਲੇ ਕਈ ਸਾਲਾਂ ਤੋਂ ਮਾਡਲ ਟਾਊਨ ਵਿੱਚ ਖਰਾਬ ਪਈ ਹੈ। ਇਸੇ ਤਰ੍ਹਾਂ 20 ਸਾਲ ਪਹਿਲਾਂ ਇੱਕ ਐਂਬੂਲੈਂਸ ਵੀ ਸੀ ਜੋ ਪਿਛਲੇ ਕਈ ਸਾਲਾਂ ਤੋਂ ਖਰਾਬ ਪਈ ਹੈ ਤੇ ਉਸ ਨੂੰ ਜੰਗਾਲ ਲੱਗਾ ਪਿਆ ਹੈ।
ਜ਼ਿਲ੍ਹਾ ਫਾਇਰ ਅਫਸਰ ਨੱਥੂ ਰਾਮ ਸ਼ਰਮਾ ਨੇ ਕਿਹਾ ਕਿ ਦੀਵਾਲੀ ਨੂੰ ਲੈ ਕੇ ਅੱਗ ਦੀ ਘਟਨਾਵਾਂ ’ਤੇ ਕਾਬੂ ਪਾਉਣ ਲਈ ਉਨ੍ਹਾਂ ਨੇ ਤਿਆਰੀਆਂ ਕਰ ਰੱਖੀਆਂ ਹਨ। ਦੀਵਾਲੀ ਤੱਕ ਸਾਰੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ 24 ਘੰਟੇ ਫਾਇਰ ਟੈਂਡਰ ਗੱਡੀਆਂ ਸ਼ਹਿਰ ਵਿੱਚ ਗਸ਼ਤ ਕਰਨਗੀਆਂ। ਇਸ ਦੇ ਇਲਾਵਾ ਦੀਵਾਲੀ ਤੋਂ ਪਹਿਲਾਂ ਸ਼ਹਿਰ ਵਿੱਚ ਫਾਇਰ ਡ੍ਰਿਲ ਕਰਨ ’ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਚੌਕਸ ਕੀਤਾ ਜਾ ਸਕੇ।