ਲੰਡਨ, 6 ਨਵੰਬਰ
ਬਰਤਾਨੀਆ ਦੇ ਕਰਾਊਨ ਕੋਰਟ ਵਿਚ ਜਿਊਰੀ ਦੇ ਮੈਂਬਰ ਵਜੋਂ ਬੁਲਾਏ ਗਏ ਇਕ ਬਰਤਾਨਵੀ ਸਿੱਖ ਨੂੰ ਕਿਰਪਾਨ (ਗਾਤਰਾ) ਧਾਰਨ ਕੀਤਾ ਹੋਣ ਕਰ ਕੇ ਅਦਾਲਤ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ। ਅੰਮ੍ਰਤਿਧਾਰੀ ਸਿੱਖ ਜਤਿੰਦਰ ਸਿੰਘ ਨੇ ਦੱਸਿਆ ਕਿ ਉਸ ਨੂੰ ਸੁਰੱਖਿਆ ਗਾਰਡ ਨੇ ਅੰਦਰ ਨਹੀਂ ਜਾਣ ਦਿੱਤਾ। ਬੀਬੀਸੀ ਦੀ ਇਕ ਰਿਪੋਰਟ ਮੁਤਾਬਕ ਜਤਿੰਦਰ ਨੇ ਕਿਹਾ ਕਿ ਉਹ ‘ਅਪਮਾਨਤਿ ਮਹਿਸੂਸ ਕਰ ਰਿਹਾ ਹੈ, ਤੇ ਅਜਿਹਾ ਲੱਗਦਾ ਹੈ ਕਿ ਪੱਖਪਾਤ ਹੋਇਆ ਹੈ।’ ਵੇਰਵਿਆਂ ਮੁਤਾਬਕ ਜਤਿੰਦਰ ਜਿਊਰੀ ਸਰਵਿਸ ਲਈ ਬਰਮਿੰਘਮ ਦੇ ਕਰਾਊਟ ਕੋਰਟ ਗਿਆ ਸੀ। ਜਤਿੰਦਰ ਸਿੰਘ ਸਮੈਥਵਿਕ ਦੇ ਗੁਰੂ ਨਾਨਕ ਗੁਰਦੁਆਰੇ ਦਾ ਪ੍ਰਧਾਨ ਹੈ ਤੇ ਸਿੱਖ ਕੌਂਸਲ ਯੂਕੇ ਦਾ ਸਕੱਤਰ ਜਨਰਲ ਵੀ ਹੈ। ਉਸ ਨੇ ਦੱਸਿਆ ਕਿ ਪਹਿਲਾਂ ਵੀ ਇਕ ਵਾਰ ਜਿਊਰੀ ਸਰਵਿਸ ਲਈ ਸੱਦਿਆ ਗਿਆ ਸੀ ਪਰ ਉਦੋਂ ਕੋਈ ਮੁਸ਼ਕਲ ਨਹੀਂ ਆਈ ਸੀ। ਜਾਣਕਾਰੀ ਮੁਤਾਬਕ ਸੁਰੱਖਿਆ ਗਾਰਡ ਨੇ ਉਸ ਨੂੰ ਕਿਰਪਾਨ ਲਾਹ ਕੇ ਅੰਦਰ ਜਾਣ ਤੇ ਆਉਂਦੇ ਵੇਲੇ ਇਸ ਨੂੰ ਲਜਿਾਣ ਲਈ ਕਿਹਾ। ਇਸ ਘਟਨਾ ਤੋਂ ਬਾਅਦ ‘ਸਿੱਖ ਫੈਡਰੇਸ਼ਨ-ਯੂਕੇ’ ਨੇ ਬਰਤਾਨੀਆ ਦੇ ਨਿਆਂ ਮੰਤਰੀ ਐਲੈਕਸ ਚਾਕ ਨੂੰ ਪੱਤਰ ਲਿਖ ਕੇ ਸਿੱਖ ਵਿਅਕਤੀ ਨਾਲ ਹੋਏ ਵਤੀਰੇ ਦੀ ਨਿਖੇਧੀ ਕਰਨ ਲਈ ਕਿਹਾ ਹੈ। ਨਿਆਂ ਮੰਤਰਾਲੇ ਨੇ ਕਿਹਾ ਹੈ ਕਿ ਜਤਿੰਦਰ ਨੂੰ ਉਸ ਦੀਆਂ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਹੈ ਕਿਉਂਕਿ ਜਿਊਰੀ ਮੈਂਬਰ ਪਹਿਲਾਂ ਹੀ ਲੋੜ ਤੋਂ ਵੱਧ ਹਨ। ਇਸੇ ਦੌਰਾਨ ਜਤਿੰਦਰ ਸਿੰਘ ਨੂੰ ਅਥਾਰਿਟੀ ਨੇ ਮਾਮਲੇ ਉਤੇ ਹੋਰ ਚਰਚਾ ਲਈ ਵੀ ਸੱਦਾ ਭੇਜਿਆ ਹੈ। -ਆਈਏਐੱਨਐੱਸ
ਸਬੰਧਤ ਅਥਾਰਿਟੀ ਨੇ ਘਟਨਾ ਲਈ ਮੁਆਫੀ ਮੰਗੀ
‘ਕੋਰਟ’ਸ ਤੇ ਟ੍ਰਿਬਿਊਨਲਜ਼ ਸਰਵਿਸ’ ਨੇ ਜਤਿੰਦਰ ਸਿੰਘ ਤੋਂ ਇਸ ਘਟਨਾ ਲਈ ਮੁਆਫੀ ਮੰਗੀ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮੀਆਂ ਨੂੰ ਢੁੱਕਵੇਂ ਕਦਮ ਚੁੱਕਣ ਦੀ ਹਦਾਇਤ ਕੀਤੀ ਗਈ ਹੈ। ਜਤਿੰਦਰ ਨੇ ਕਿਹਾ ਕਿ ਉਸ ਨੇ ਅਦਾਲਤਾਂ ਬਾਰੇ ਨਿਆਂ ਮੰਤਰਾਲੇ ਦੇ ਨਿਯਮਾਂ ਦੀ ਪਾਲਣਾ ਕੀਤੀ ਸੀ, ਜਿਹੜੀ ਕਿਰਪਾਨ ਉਹ ਲੈ ਕੇ ਗਿਆ ਸੀ, ਉਹ ਛੇ ਇੰਚ ਤੋਂ ਵੱਧ ਲੰਮੀ ਨਹੀਂ ਸੀ।