ਕੈਨਕੁਨ, 6 ਨਵੰਬਰ
ਇਗਾ ਸਵਿਆਤੇਕ ਨੇ ਆਰਿਆਨਾ ਸਬਾਲੇਂਕਾ ਦੀ ਚੁਣੌਤੀ ਨੂੰ ਪਾਰ ਕਰਦਿਆਂ ਡਬਲਿਊਟੀਏ ਫਾਈਨਲਜ਼ ਟੈਨਿਸ ਟੂਰਨਾਮੈਂਟ ਦੇ ਫਾਈਨਲ ਵਿੱਚ ਜਗ੍ਹਾ ਬਣਾਈ, ਜਿਸ ਨੂੰ ਜਿੱਤਣ ’ਤੇ ਉਹ ਦੁਨੀਆ ਦੀ ਨੰਬਰ ਇੱਕ ਖਿਡਾਰਨ ਬਣ ਜਾਵੇਗੀ। ਮੀਂਹ ਕਾਰਨ ਸੈਮੀਫਾਈਨਲ ਦਾ ਇਹ ਮੁਕਾਬਲਾ ਸ਼ਨਿਚਰਵਾਰ ਨੂੰ ਪੂਰਾ ਨਹੀਂ ਹੋ ਸਕਿਆ ਸੀ ਅਤੇ ਇਸ ਨੂੰ ਸਥਾਨਕ ਸਮੇਂ ਅਨੁਸਾਰ ਐਤਵਾਰ ਨੂੰ ਖੇਡਿਆ ਗਿਆ। ਹਾਲਾਂਕਿ ਸਵਿਆਤੇਕ ਨੇ ਸਬਾਲੇਂਕਾ ਨੂੰ ਸਿੱਧੇ ਸੈੱਟ ਵਿੱਚ 6-3, 6-2 ਨਾਲ ਹਰਾਇਆ। ਪੋਲੈਂਡ ਦੀ 22 ਸਾਲਾ ਖਿਡਾਰਨ ਅਤੇ ਦੂਜਾ ਦਰਜਾ ਪ੍ਰਾਪਤ ਸਵਿਆਤੇਕ ਫਾਈਨਲ ਵਿੱਚ ਅਮਰੀਕਾ ਦੀ ਪੰਜਵਾਂ ਦਰਜਾ ਜੈਸਿਕਾ ਪੇਗੁਲਾ ਦਾ ਸਾਹਮਣਾ ਕਰੇਗੀ। ਸਾਲ ਦੇ ਇਸ ਆਖ਼ਰੀ ਮੁਕਾਬਲੇ ਵਿੱਚ ਜੇਕਰ ਉਹ ਟਰਾਫ਼ੀ ਜਿੱਤਦੀ ਹੈ ਤਾਂ ਸਬਾਲੇਂਕਾ ਦੀ ਜਗ੍ਹਾ ਵਿਸ਼ਵ ਦੀ ਨੰਬਰ ਇੱਕ ਖਿਡਾਰਨ ਬਣ ਜਾਵੇਗੀ। ਸਬਾਲੇਂਕਾ ਨੂੰ ਆਪਣਾ ਨੰਬਰ ਇੱਕ ਸਥਾਨ ਬਰਕਰਾਰ ਰੱਖਣ ਲਈ ਸੈਮੀਫਾਈਨਲ ਵਿੱਚ ਜਿੱਤਣ ਦੀ ਲੋੜ ਸੀ ਪਰ ਸਵਿਆਤੇਕ ਦੇ ਸਾਹਮਣੇ ਉਸ ਦੀ ਇੱਕ ਨਾ ਚੱਲੀ। -ਏਪੀ