ਜੋਧਪੁਰ, 6 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਇੱਥੇ ਮੁਫ਼ਤ ਰਾਸ਼ਨ ਸਕੀਮ ਵਿੱਚ ਵਾਧੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਦਾ ਘਿਰਾਓ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਹੁਣ ਗਰੀਬਾਂ ਬਾਰੇ ਸੋਚ ਰਹੇ ਹਨ ਕਿਉਂਕਿ ਚੋਣਾਂ ਨੇੜੇ ਆ ਗਈਆਂ ਹਨ। ਉਨ੍ਹਾਂ ਰਾਜਸਥਾਨ ਦੇ ਜੋਧਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਈਡੀ, ਸੀਬੀਆਈ ਅਤੇ ਆਮਦਨ ਕਰ ਵਿਭਾਗ ਨੂੰ ਨਰਿੰਦਰ ਮੋਦੀ ਦੇ ‘ਜਵਾਨ’ ਦੱਸਦਿਆਂ ਵਿਅੰਗ ਕੀਤਾ ਕਿ ਪ੍ਰਧਾਨ ਮੰਤਰੀ ਜਿੱਥੇ ਵੀ ਜਾਂਦੇ ਹਨ ਉੱਥੇ ਪਹਿਲਾਂ ਪ੍ਰਚਾਰ ਲਈ ਇਨ੍ਹਾਂ ਏਜੰਸੀਆਂ ਨੂੰ ਭੇਜ ਦਿੰਦੇ ਹਨ ਅਤੇ ਫਿਰ ਆਪ ਜਾ ਕੇ ਭਾਸ਼ਨ ਦਿੰਦੇ ਹਨ।
ਖੜਗੇ ਨੇ ਮੋਦੀ ਸਰਕਾਰ ’ਤੇ ‘ਗਰੀਬਾਂ ਨੂੰ ਪ੍ਰੇਸ਼ਾਨ ਕਰਨ ਅਤੇ ਅਡਾਨੀ ਵਰਗੇ ਸਨਅਤਕਾਰ ਦੋਸਤਾਂ ਦਾ ਸਮਰਥਨ ਕਰਨ’ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ, ‘‘ਵੱਡੇ-ਵੱਡੇ ਕਾਰਖ਼ਾਨਿਆਂ ਵਿੱਚ ਜੋ ਲੋਕ ਕੰਮ ਕਰਦੇ ਹਨ ਉਹ ਗਰੀਬ ਕਰਦੇ ਹਨ, ਅੱਜ ਅਨੁਸੂਚਤਿ ਜਾਤੀ ਨੂੰ ਜੋ ਰਾਖਵਾਂਕਰਨ ਮਿਲਦਾ ਹੈ, ਪੱਛੜੇ ਵਰਗਾਂ ਨੂੰ ਜੋ ਰਾਖਵਾਂਕਰਨ ਮਿਲਦਾ ਹੈ, ਉਸ ਨੂੰ ਬੰਦ ਕਰਵਾਉਣ ਲਈ ਇਹ ਵੱਡੇ-ਵੱਡੇ ਸਰਕਾਰੀ ਕਾਰਖ਼ਾਨਿਆਂ ਨੂੰ ਇੱਕ-ਇੱਕ ਕਰਕੇ ਬਿਮਾਰ ਕਰ ਰਹੇ ਹਨ। ਬਿਮਾਰ ਕਰਨ ਵਾਲੇ ਨੇਤਾ ਦੇਸ਼ ਦਾ ਕੀ ਭਲਾ ਕਰਨਗੇ।’’ ਖੜਗੇ ਨੇ ਕਿਹਾ, ‘‘ਈਡੀ, ਇਨਕਮ ਟੈਕਸ ਅਤੇ ਸੀਬੀਆਈ… ਇਹ ਤੁਹਾਡੇ ਜਵਾਨ ਹਨ ਅਤੇ ਉਹ ਪ੍ਰਚਾਰ ਕਰਨ ਵਾਲੇ ਹਨ। ਮੋਦੀ ਸਾਹਿਬ ਜਿੱਥੇ ਜਾਂਦੇ ਹਨ, ਪਹਿਲਾਂ ਇਨ੍ਹਾਂ ਤਿੰਨ ਏਜੰਸੀਆਂ ਨੂੰ ਪ੍ਰਚਾਰ ਲਈ ਭੇਜਦੇ ਹਨ। ਉਨ੍ਹਾਂ ਨੂੰ ਭੇਜਣ ਮਗਰੋਂ ਫਿਰ ਆਪ ਉੱਥੇ ਜਾ ਕੇ ਭਾਸ਼ਨ ਦਿੰਦੇ ਹਨ।’’ ਉਨ੍ਹਾਂ ਕਿਹਾ ਕਿ ਕੇਂਦਰੀ ਏਜੰਸੀਆਂ ਕਾਂਗਰਸੀ ਨੇਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਪਾਰਟੀ ਡਰਨ ਵਾਲੀ ਨਹੀਂ ਹੈ। ਕਾਂਗਰਸ ਪ੍ਰਧਾਨ ਨੇ ਸਵਾਲ ਕੀਤਾ ਕਿ ਭਾਜਪਾ ਨੇਤਾਵਾਂ ਕੋਲ ਪੈਸਾ ਅਤੇ ਜਾਇਦਾਦ ਹੋਣ ਦੇ ਬਾਵਜੂਦ ਉਨ੍ਹਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ। ਉਨ੍ਹਾਂ ਕਿਹਾ ਕਿ ਭਾਜਪਾ ਕੋਲ ‘ਵਾਸ਼ਿੰਗ ਮਸ਼ੀਨ’ ਹੈ, ਜਿਸ ਵਿੱਚ ਭ੍ਰਿਸ਼ਟ ਲੋਕ ਵੀ ਬੇਦਾਗ ਹੋ ਕੇ ਨਿਕਲਦੇ ਹਨ। ਇਸ ਤੋਂ ਪਹਿਲਾਂ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀ ਆਪਣੇ ਸੰਬੋਧਨ ਵਿੱਚ ਈਡੀ ਦੀ ਕਾਰਵਾਈ ਸਬੰਧੀ ਕੇਂਦਰ ਸਰਕਾਰ ’ਤੇ ਨਿਸ਼ਾਨਾ ਸੇਧਿਆ। ਗਹਿਲੋਤ ਨੇ ਅੱਜ ਸਰਦਾਰਪੁਰ ਤੋਂ ਨਾਮਜ਼ਦਗੀ ਪੱਤਰ ਦਾ਼ਖ਼ਲ ਕੀਤੇ। ਉਹ 1998 ਮਗਰੋਂ ਲਗਾਤਾਰ ਇੱਥੋਂ ਜਿੱਤਦੇ ਆ ਰਹੇ ਹਨ। -ਪੀਟੀਆਈ