ਸਤਵਿੰਦਰ ਬਸਰਾ
ਲੁਧਿਆਣਾ, 6 ਨਵੰਬਰ
ਇੱਥੇ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦਾ 12ਵਾਂ ਯੁਵਕ ਮੇਲਾ ਗਿਆਨ ਦੇ ਪ੍ਰਦਰਸ਼ਨ ਅਤੇ ਕੋਮਲ ਕਲਾਵਾਂ ਦੇ ਮੁਕਾਬਲਿਆਂ ਨਾਲ ਸ਼ੁਰੂ ਹੋ ਗਿਆ ਹੈ। ਰਜਿਸਟਰਾਰ ਡਾ. ਹਰਮਨਜੀਤ ਸਿੰਘ ਬਾਂਗਾ ਨੇ ਸਟੇਜੀ ਮੰਚ ਤੋਂ ਬਗੈਰ ਹੋਣ ਵਾਲੇ ਮੁਕਾਬਲਿਆਂ ਦਾ ਉਦਘਾਟਨ ਕੀਤਾ। ਡੀਨ, ਕਾਲਜ ਆਫ ਫ਼ਿਸ਼ਰੀਜ਼ ਡਾ. ਮੀਰਾ ਡੀ ਆਂਸਲ, ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਐਸ ਕੇ ਉਪਲ, ਡੀਨ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਡਾ. ਯਸ਼ਪਾਲ ਸਿੰਘ ਮਲਿਕ ਅਤੇ ਕੰਟਰੋਲਰ ਪ੍ਰੀਖਿਆਵਾਂ ਡਾ. ਓਪਿੰਦਰ ਸਿੰਘ ਨੇ ਪਤਵੰਤੇ ਮਹਿਮਾਨ ਵਜੋਂ ਵਿਭਿੰਨ ਸੈਸ਼ਨਾਂ ਦੀ ਸੋਭਾ ਵਧਾਈ। ਉਪ ਕੁਲਪਤੀ ਡਾ. ਇੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਹੀ ਕਿਸੇ ਨਾ ਕਿਸੇ ਕਲਾਤਮਕ ਜਾਂ ਸੱਭਿਆਚਾਰਕ ਗਤੀਵਿਧੀ ਵਿਚ ਹਿੱਸਾ ਲੈਣਾ ਚਾਹੀਦਾ ਹੈ। ਯੁਵਕ ਮੇਲੇ ਦੇ ਪ੍ਰਬੰਧਕੀ ਸਕੱਤਰ ਡਾ. ਅਪਮਿੰਦਰ ਪਾਲ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਚਾਰ ਮੁਕਾਬਲੇ ਰੱਖੇ ਗਏ ਸਨ ਜਿਨ੍ਹਾਂ ਵਿੱਚ ਫੋਟੋਗ੍ਰਾਫੀ, ਕੁਇਜ਼, ਪੋਸਟਰ ਬਣਾਉਣਾ ਅਤੇ ਕਾਰਟੂਨ ਤਿਆਰ ਕਰਨਾ ਆਦਿ ਸ਼ਾਮਿਲ ਸਨ। ਕਾਰਟੂਨ ਬਨਾਉਣ ਲਈ ‘ਰਾਜਨੀਤੀ’, ਪੋਸਟਰ ਬਣਾਉਣ ਲਈ ‘ਕੋਈ ਵੀ ਤਿਉਹਾਰ’ ਜਦਕਿ ਫੋਟੋਗ੍ਰਾਫੀ ਲਈ ‘ਭੂ-ਦ੍ਰਿਸ਼’ ਵਿਸ਼ੇ ਰੱਖੇ ਗਏ ਸਨ। ਇਨ੍ਹਾਂ ਵਿਸ਼ਿਆਂ ਅਨੁਸਾਰ ਵਿਦਿਆਰਥੀਆਂ ਨੇ ਬੜਾ ਕਲਾਮਈ ਅਤੇ ਪ੍ਰਭਾਵਸ਼ਾਲੀ ਮਾਹੌਲ ਸਿਰਜਿਆ। ਫੋਟੋਗ੍ਰਾਫੀ ਮੁਕਾਬਲੇ ਵਿੱਚ ਕਾਲਜ ਆਫ ਫਿਸ਼ਰੀਜ਼ ਦੇ ਮੁਹੰਮਦ ਅਰੀਸ਼ ਨੇ ਪਹਿਲਾ, ਕਾਲਜ ਆਫ ਐਨੀਮਲ ਬਾਇਓਤਕਨਾਲੋਜੀ ਦੇ ਜਗਦੀਪ ਸਿੰਘ ਨੇ ਦੂਜਾ ਜਦਕਿ ਵੈਟਰਨਰੀ ਸਾਇੰਸ ਕਾਲਜ ਦੀ ਅਮਤਿੋਜ਼ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਕੁਇਜ਼ ਵਿੱਚ ਕਾਲਜ ਆਫ ਫਿਸ਼ਰੀਜ਼ ਦੀ ਟੀਮ ਪਹਿਲੇ, ਵੈਟਰਨਰੀ ਸਾਇੰਸ ਕਾਲਜ ਰਾਮਪੁਰਾ ਫੂਲ ਦੀ ਟੀਮ ਦੂਜੇ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੀ ਟੀਮ ਤੀਜੇ ਸਥਾਨ ’ਤੇ ਰਹੀ। ਪੋਸਟਰ ਬਣਾਉਣ ਦਾ ਮੁਕਾਬਲਾ ਵੈਟਰਨਰੀ ਸਾਇੰਸ ਕਾਲਜ ਦੀ ਹਿਮਾਂਸ਼ੀ ਗੁੰਜੇ ਨੇ ਜਿੱਤਿਆ ਜਦਕਿ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੀ ਉਪਿੰਦਰਜੀਤ ਕੌਰ ਦੂਜੇ ਅਤੇ ਖਾਲਸਾ ਕਾਲਜ ਆਫ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਕਾਲਜ ਦੀ ਯਸ਼ਮੀਨ ਕੌਰ ਤੀਜੇ ਸਥਾਨ ’ਤੇ ਰਹੀ।
ਯੁਵਕ ਮੇਲੇ ਵਿੱਚ ਵਿਰਾਸਤੀ ਕਲਾਵਾਂ ਰਹੀਆਂ ਖਿੱਚ ਦਾ ਕੇਂਦਰ
ਲੁਧਿਆਣਾ (ਖੇਤਰੀ ਪ੍ਰਤੀਨਿਧ): ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਚੱਲ ਰਹੇ ਯੁਵਕ ਮੇਲੇ ਦੇ ਪੰਜਵੇਂ ਦਿਨ ਵਿਰਾਸਤ ਨਾਲ ਸਬੰਧਤ ਵੱਖ-ਵੱਖ ਕਲਾਵਾਂ ਦੇ ਪ੍ਰਦਰਸ਼ਨ ਨਾਲ ਨੌਜਵਾਨ ਕਲਾਕਾਰਾਂ ਨੇ ਮਾਹੌਲ ਪੁਰਾਤਨ ਰੰਗ ਵਿਚ ਰੰਗ ਦਿੱਤਾ। ਇਨ੍ਹਾਂ ਮੁਕਾਬਲਿਆਂ ਵਿਚ ਪੱਖੀ ਬਣਾਉਣ, ਫੁਲਕਾਰੀ ਦੀ ਕਢਾਈ, ਮੁਹਾਵਰੇਦਾਰ ਵਾਰਤਾਲਾਪ ਅਤੇ ਵਿਰਾਸਤੀ ਕੁਇਜ਼ ਦੇਖਣਯੋਗ ਸੀ। ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਨਿਰਮਲ ਜੌੜਾ ਨੇ ਦੱਸਿਆ ਕਿ ਨਵੀਆਂ ਪੀੜ੍ਹੀਆਂ ਨੂੰ ਉਨ੍ਹਾਂ ਦੀ ਰਵਾਇਤ ਨਾਲ ਜੋੜਨ ਲਈ ਇਹ ਮੁਕਾਬਲੇ ਵਿਸ਼ੇਸ਼ ਤੌਰ ’ਤੇ ਯੂਨੀਵਰਸਿਟੀ ਦਾ ਇਕ ਉਪਰਾਲਾ ਹਨ। ਅੱਜ ਹੋਏ ਵੱਖ-ਵੱਖ ਮੁਕਾਬਲਿਆਂ ਵਿੱਚੋਂ ਪੱਖੀ ਬਣਾਉਣ ਦੇ ਮੁਕਾਬਲਿਆਂ ’ਚ ਖੇਤੀਬਾੜੀ ਕਾਲਜ ਦੀ ਕੁਮਾਰੀ ਯੋਗਤਾ ਪਹਿਲੇ, ਇਸੇ ਕਾਲਜ ਦੀ ਹਰਲੀਨ ਕੌਰ ਦੂਸਰੇ ਅਤੇ ਕਮਿਊਨਟੀ ਸਾਇੰਸ ਦੀ ਗਗਨਪ੍ਰੀਤ ਕੌਰ ਤੀਸਰੇ ਸਥਾਨ ’ਤੇ ਰਹੀ। ਫੁਲਕਾਰੀ ਦੀ ਕਢਾਈ ਕੱਢਣ ਦੇ ਮੁਕਾਬਲੇ ਵਿਚ ਕਮਿਊਨਟੀ ਸਾਇੰਸ ਕਾਲਜ ਦੀ ਜਗਜੀਤ ਕੌਰ ਨੂੰ ਪਹਿਲਾ, ਖੇਤੀਬਾੜੀ ਕਾਲਜ ਦੀ ਵੰਸ਼ਿਕਾ ਨੂੰ ਦੂਜਾ ਅਤੇ ਬਾਗਬਾਨੀ ਕਾਲਜ ਦੀ ਅਸ਼ਵਨੀ ਨੂੰ ਤੀਜਾ ਸਥਾਨ ਪ੍ਰਾਪਤ ਹੋਇਆ।