ਕੋਲੰਬੋ, 7 ਨਵੰਬਰ
ਮੌਜੂਦਾ ਵਿਸ਼ਵ ਕੱਪ ਵਿੱਚ ਮੇਜ਼ਬਾਨ ਭਾਰਤ ਹੱਥੋਂ ਵੱਡੀ ਹਾਰ ਮਗਰੋਂ ਸਰਕਾਰ ਵੱਲੋਂ ਬਰਖਾਸਤ ਕੀਤੇ ਜਾਣ ਤੋਂ ਇੱਕ ਦਿਨ ਬਾਅਦ ਅਦਾਲਤ ਨੇ ਅੱਜ ਸ੍ਰੀਲੰਕਾ ਕ੍ਰਿਕਟ ਬੋਰਡ (ਐੱਸਐੱਲਸੀ) ਪ੍ਰਸ਼ਾਸਨ ਨੂੰ ਬਹਾਲ ਕਰ ਦਿੱਤਾ ਹੈ। ਭਾਰਤ ਨੇ ਮੁੰਬਈ ਵਿੱਚ ਸ੍ਰੀਲੰਕਾ ਨੂੰ 302 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇਸ ਤੋਂ ਬਾਅਦ ਲੋਕਾਂ ’ਚ ਫੈਲੇ ਰੋਸ ਨੂੰ ਦੇਖਦਿਆਂ ਖੇਡ ਮੰਤਰੀ ਰੋਸ਼ਨ ਰਣਸਿੰਘੇ ਨੇ ਬੀਤੇ ਦਿਨ ਸਾਬਕਾ ਵਿਸ਼ਵ ਕੱਪ ਜੇਤੂ ਕਪਤਾਨ ਅਰਜੁਨ ਰਾਣਾਤੁੰਗਾ ਦੀ ਪ੍ਰਧਾਨਗੀ ਹੇਠ ਸੱਤ ਮੈਂਬਰੀ ਅੰਤਰਿਮ ਕਮੇਟੀ ਬਣਾਈ। ਇਸ ਮਗਰੋਂ ਸਿਲਵਾ ਨੇ ਅਦਾਲਤ ਵਿੱਚ ਇਸ ਖ਼ਿਲਾਫ਼ ਅਰਜ਼ੀ ਦਾਇਰ ਕੀਤੀ। ਅਦਾਲਤ ਨੇ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਰਣਸਿੰਘੇ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ 14 ਦਿਨਾਂ ਲਈ ਮੁਅੱਤਲ ਕਰ ਦਿੱਤਾ। ਸਿਲਵਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਕਿ ਅਦਾਲਤ ਦਾ ਹੁਕਮ ਐੱਸਐੱਲਸੀ ਦੀ ਬਹਾਲੀ ਦੇ ਬਰਾਬਰ ਹੈ ਅਤੇ ਬੋਰਡ ਪਹਿਲਾਂ ਵਾਂਗ ਕੰਮ ਕਰਨਾ ਜਾਰੀ ਰੱਖੇਗਾ। -ਪੀਟੀਆਈ