ਮਾਸਕੋ, 7 ਨਵੰਬਰ
ਰੂਸ ਸੀਤ ਯੁੱਧ ਦੇ ਦੌਰ ਦੇ ਇਕ ਅਹਿਮ ਸੁਰੱਖਿਆ ਸਮਝੌਤੇ ਤੋਂ ਬਾਹਰ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਰੂਸ ਨੇ ਅੱਠ ਸਾਲ ਪਹਿਲਾਂ ਇਸ ਅਹਿਮ ਸਮਝੌਤੇ ਤੋਂ ਵੱਖ ਹੋਣ ਬਾਰੇ ਐਲਾਨ ਕੀਤਾ ਸੀ ਜਿਸ ਨੂੰ ਅੱਜ ਅਮਲੀ ਰੂਪ ਦਿੱਤਾ ਗਿਆ ਹੈ। ਰੂਸ ਨੇ ਆਪਣੇ ਇਸ ਕਦਮ ਲਈ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਵੱਲੋਂ ਨਸ਼ਰ ਕੀਤੀ ਗਈ ਹੈ। ਯੂਰਪ ਵਿੱਚ ਪਰੰਪਰਾਗਤ ਹਥਿਆਰਬੰਦ ਬਲਾਂ ਸਬੰਧੀ ਸੰਧੀ ਦੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਵੱਲੋਂ ਨਿੰਦਾ ਕਰਦੇ ਹੋਏ ਪ੍ਰਸਤਾਵਤਿ ਮਤੇ ਨੂੰ ਰੂਸੀ ਸੰਸਦ ਵਿੱਚ ਪੇਸ਼ ਕੀਤਾ ਗਿਆ ਸੀ ਅਤੇ ਦੋਹਾਂ ਸਦਨਾਂ ਵੱਲੋਂ ਮਨਜ਼ੂਰੀ ਮਿਲਣ ਮਗਰੋਂ ਇਹ ਘਟਨਾਕ੍ਰਮ ਵਾਪਰਿਆ ਹੈ। ਇਸ ਸੰਧੀ ਦਾ ਮੰਤਵ ਸੀਤ ਯੁੱਧ ਦੇ ਆਪਸੀ ਵਿਰੋਧੀ ਦੇਸ਼ਾਂ ਨੂੰ ਪਰੰਪਰਾਗਤ ਸਰਹੱਦਾਂ ਜਾਂ ਉਨ੍ਹਾਂ ਦੇ ਨੇੜੇ ਸੈਨਿਕਾਂ ਦੇ ਜਮਾਵੜੇ ਨੂੰ ਰੋਕਣਾ ਸੀ। ਇਸ ਸੰਧੀ ’ਤੇ ਨਵੰਬਰ 1990 ਵਿੱਚ ਹਸਤਾਖਰ ਹੋਏ ਸਨ। ਇਹ ਸੰਧੀ ਰੂਸ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ ਸੀਤ ਯੁੱਧ ਦੇ ਦੌਰ ਵਿੱਚ ਹੋਈਆਂ ਕਈ ਵੱਡੀਆਂ ਸੰਧੀਆਂ ਵਿੱਚੋਂ ਇਕ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਸਮਾਪਤ ਕਰ ਦਿੱਤਾ ਗਿਆ ਸੀ। ਰੂਸ ਨੇ 2007 ਵਿੱਚ ਆਪਣੀ ਸ਼ਮੂਲੀਅਤ ਰੋਕ ਦਿੱਤੀ ਸੀ ਤੇ ਇਸ ਸਮਝੌਤੇ ਵਿੱਚੋਂ ਪੂਰੀ ਤਰ੍ਹਾਂ ਬਾਹਰ ਹੋਣ ਦੇ ਇਰਾਦੇ ਬਾਰੇ 2015 ਵਿੱਚ ਐਲਾਨ ਕੀਤਾ ਸੀ। ਫਰਵਰੀ 2022 ’ਚ ਰੂਸ ਨੇ ਯੂਕਰੇਨ, ਜਿਸਦੀਆਂ ਸਰਹੱਦਾਂ ਨਾਟੋ ਮੈਂਬਰਾਂ ਪੋਲੈਂਡ, ਸਲੋਵਾਕੀਆ, ਰੋਮਾਨੀਆ ਤੇ ਹੰਗਰੀ ਨਾਲ ਪੈਂਦੀਆਂ ਹਨ, ਵਿੱਚ ਸੈਨਿਕ ਭੇਜੇ ਸਨ। -ਪੀਟੀਆਈ