ਮੁਖਤਿਆਰ ਸਿੰਘ ਨੌਗਾਵਾਂ
ਦੇਵੀਗੜ੍ਹ, 7 ਨਵੰਬਰ
ਪੰਜਾਬ ਸਰਕਾਰ ਵੱਲੋਂ ਡੂੰਘੇ ਜਾ ਰਹੇ ਵਾਟਰ ਲੇਬਲ ਅਤੇ ਧੁੰਦਲੇ ਹੋਏ ਵਾਤਾਵਰਨ ਨੂੰ ਮੁੱਖ ਰੱਖਦਿਆਂ ਨਵੀਂ ਖੇਤੀ ਨੀਤੀ ਲਿਆਂਦੀ ਜਾ ਰਹੀ ਹੈ। ਜਿਸ ਬਾਰੇ ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਮਿਲ ਕੇ ਕੁੱਝ ਸੁਝਾਅ ਦਿੱਤੇ ਹਨ। ਜਿਨ੍ਹਾਂ ਵਿੱਚ ਸਹਿਕਾਰਤਾ ਨਾਲ ਸਬੰਧਤ ਬੰਦ ਪਈਆਂ ਖੰਡ ਮਿੱਲਾਂ ਨੂੰ ਪੰਜਾਬ ਸਰਕਾਰ ਚਲਾ ਕੇ ਗੰਨੇ ਦੀ ਫ਼ਸਲ ਲਈ ਕਿਸਾਨਾਂ ਨੂੰ ਪ੍ਰਤੀਤ ਕੀਤਾ ਜਾਵੇ। ਪਿਛਲੇ ਸਮੇਂ ਤੋਂ ਬੰਦ ਹੋਈਆਂ ਖੰਡ ਮਿੱਲਾਂ ਵਿੱਚ ਫ਼ਰੀਦਕੋਟ, ਜਗਰਾਓਂ, ਬਰਲਾਡਾ ਅਤੇ ਰੱਖੜਾ ਮਿੱਲ ਦੇ ਨਾਲ ਨਾਲ ਪੰਜਾਬ ਸਰਕਾਰ ਸਹਿਕਾਰਤਾ ਰਾਹੀਂ ਹੋਰ ਨਵੀਆਂ ਖੰਡ ਮਿੱਲਾਂ ਲਾਵੇ। ਨਰਮਾ ਪੱਟੀ ਬਾਰੇ ਉਨ੍ਹਾਂ ਕਿਹਾ ਕਿ ਸੂਬੇ ’ਚ ਹੁਣ ਸਿਰਫ਼ 58 ਕਪਾਹ ਮਿੱਲਾਂ ਰਹਿ ਗਈਆਂ ਹਨ। ਇਸ ਲਈ ਨਰਮਾ ਪੱਟੀ ਦੇ ਕਿਸਾਨਾਂ ਨੂੰ ਫਿਰ ਤੋਂ ਕਪਾਹ ਦੀ ਖੇਤੀ ਵੱਲ ਉਤਸ਼ਾਹਤਿ ਕਰਨ ਲਈ ਪੰਜਾਬ ਸਰਕਾਰ ਨੂੰ ਪੁਰਾਣੀ ਚੱਲ ਰਹੀ ਸੈਂਪਲ ਭਰਨ ਵਾਲੀ ਪ੍ਰਕਿਰਿਆ ਬਦਲ ਕੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਹੈ ਕਿ ਪੰਜਾਬ ਸਰਕਾਰ ਨਰਮੇ ਦੇ ਸੀਡ ਤੇ ਕੀਟਨਾਸ਼ਕ ਦਵਾਈਆਂ ਕਿਸਾਨਾਂ ਨੂੰ ਮਿਲਾਵਟ ਰਹਤਿ ਦਿਵਾਉਣ ਲਈ ਚੱਲ ਰਹੇ ਗੋਰਖਧੰਦੇ ਨੂੰ ਸਖ਼ਤੀ ਨਾਲ ਬੰਦ ਕਰਵਾਏਗੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਸਰਕਾਰ ਬਾਸਮਤੀ ਜੀਰੀ ਦੀਆਂ ਕਿਸਮਾਂ ਦੀ ਐੱਮਐੱਸਪੀ ਦਾ ਐਲਾਨ ਕਰ ਕੇ ਮਾਰਕਫੈੱਡ ਰਾਹੀਂ ਬਾਸਮਤੀ ਚੌਲਾਂ ਦਾ ਕਾਰੋਬਾਰ ਆਪ ਸ਼ੁਰੂ ਕਰੇ। ਆਲੂ, ਗੋਭੀ, ਪਿਆਜ਼, ਟਮਾਟਰ, ਮਟਰ, ਲਸਣ ਦੀ ਖੇਤੀ ਨੂੰ ਉਤਸ਼ਾਹਤਿ ਕਰਨ ਲਈ ਸਰਕਾਰ ਐੱਮਐੱਸਪੀ ਦਾ ਐਲਾਨ ਕਰੇ। ਖੇਤੀਬਾੜੀ ਮੰਤਰੀ ਖੁੱਡੀਆਂ ਨੇ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਨਵੀਂ ਖੇਤੀ ਨੀਤੀ ’ਚ ਉਪਰੋਕਤ ਸੁਝਾਵਾਂ ਨੂੰ ਪਹਿਲ ਦਿੱਤੀ ਜਾਵੇਗੀ।