ਪੱਤਰ ਪ੍ਰੇਰਕ
ਰਤੀਆ, 8 ਨਵੰਬਰ
ਫਤਿਹਾਬਾਦ ਦੇ ਵਿਧਾਇਕ ਦੂੜਾਰਾਮ ਅਤੇ ਰਤੀਆ ਦੇ ਵਿਧਾਇਕ ਲਛਮਣ ਨਾਪਾ ਨੇ ਪਿੰਡ ਢਾਣੀ ਛਤਰੀਆਂ ’ਚ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਮੌਕੇ ’ਤੇ ਹੀ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਅਤੇ ਸਰਕਾਰ ਵੱਲੋਂ ਚਲਾਈਆਂ ਗਈਆਂ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣਾ ਉਨ੍ਹਾਂ ਦਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਮੁੱਖ ਮੰਤਰੀ ਦਫ਼ਤਰ ਤੱਕ ਵੀ ਪਹੁੰਚਾਇਆ ਜਾਵੇਗਾ ਅਤੇ ਉਨ੍ਹਾਂ ਦਾ ਨੋਟਿਸ ਲਿਆ ਜਾਵੇਗਾ। ਇਸ ਦੌਰਾਨ ਲੋਕਾਂ ਵੱਲੋਂ ਪਿੰਡਾਂ ਵਿੱਚ ਪਹੁੰਚਣ ’ਤੇ ਵਿਧਾਇਕਾਂ ਅਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਫੁੱਲਾਂ ਦੇ ਹਾਰ, ਗੁਲਦਸਤੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ।
ਵਿਧਾਇਕ ਦੂੜਾਰਾਮ ਅਤੇ ਵਿਧਾਇਕ ਲਛਮਣ ਨਾਪਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਪਿੰਡ ਵਿੱਚ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਜਨ ਸੰਵਾਦ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਸਰਕਾਰ ਹਰ ਪਿੰਡ ਦੇ ਵਿਕਾਸ ’ਤੇ ਕਰੋੜਾਂ ਰੁਪਏ ਖਰਚ ਕੇ ਪਿੰਡਾਂ ਦਾ ਸ਼ਹਿਰੀ ਲੀਹਾਂ ’ਤੇ ਵਿਕਾਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 9 ਸਾਲਾਂ ਦੇ ਕਾਰਜਕਾਲ ’ਚ ਸਬ ਕਾ ਸਾਥ, ਸਬ ਕਾ ਵਿਕਾਸ ਦੇ ਨਾਅਰੇ ਹੇਠ ਸਾਰੇ ਵਿਧਾਨ ਸਭਾ ਹਲਕਿਆਂ ’ਚ ਵਿਕਾਸ ਕਾਰਜ ਕਰਵਾਏ ਹਨ। ਉਨ੍ਹਾਂ ਕਿਹਾ ਕਿ ਜਨ ਸੰਵਾਦ ਪ੍ਰੋਗਰਾਮ ਦੇ ਸ਼ੁਰੂ ਹੋਣ ਨਾਲ ਸਰਕਾਰ ਅਤੇ ਜਨਤਾ ਦਰਮਿਆਨ ਨੇੜਤਾ ਵਧੀ ਹੈ। ਲੋਕਾਂ ਦੀਆਂ ਸਮੱਸਿਆਵਾਂ ਨੂੰ ਜਲਦੀ ਹੱਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ 9 ਸਾਲਾਂ ਵਿੱਚ ਸਰਕਾਰ ਨੇ ਅੰਤੋਦਿਆ ਸੰਕਲਪ, ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ, ਜਲ ਜੀਵਨ ਮਿਸ਼ਨ, ਪ੍ਰਧਾਨ ਮੰਤਰੀ ਮਾਲਕੀ ਯੋਜਨਾ, ਪਰਿਵਾਰ ਪਛਾਣ ਪੱਤਰ, ਬੇਟੀ ਬਚਾਓ ਬੇਟੀ ਪੜ੍ਹਾਓ, ਪ੍ਰਧਾਨ ਮੰਤਰੀ ਕਿਸਾਨ ਯੋਜਨਾ, ਈ-ਲਰਨਿੰਗ ਲਾਭ ਨਾਗਰਿਕਾਂ ਨੂੰ ਦਿੱਤੇ ਗਏ ਹਨ। ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਗਰੋਹਾ, ਸਾਬਕਾ ਉਪ ਚੇਅਰਮੈਨ ਜਗਦੀਸ਼ ਜਾਖੜ, ਐੱਸਡੀਐੱਮ ਰਾਜੇਸ਼ ਕੁਮਾਰ, ਬੀਡੀਪੀਓ ਅਨਿਲ ਬਿਸ਼ਨੋਈ ਅਤੇ ਵਿਕਾਸ ਲੰਗਿਆਣ, ਡੀਐੱਸਓ ਰਾਜਬਾਲਾ, ਐਕਸੀਅਨ ਦੇਵੇਂਦਰ ਕੁਮਾਰ ਤੇ ਮਨਦੀਪ ਬੈਨੀਵਾਲ, ਸਰਪੰਚ ਸੰਜੈ ਵਰਮਾ, ਮੰਡਲ ਪ੍ਰਧਾਨ ਨਿਰਮਲ ਸਿੰਘ, ਸਾਬਕਾ ਸਰਪੰਚ ਜੈਬੀਰ, ਸਰਪੰਚ ਨੁਮਾਇੰਦੇ ਅਸ਼ੋਕ ਕੁਮਾਰ, ਸੁਨੀਲ ਚੌਧਰੀ, ਧਰਮਪਾਲ ਫੋਗਾਟ, ਬਿੱਟੂ ਟੁਟੇਜਾ, ਵਿਨੋਦ, ਓਮ ਪ੍ਰਕਾਸ਼ ਤੇ ਹੋਰ ਹਾਜ਼ਰ ਸਨ।