ਨਵੀਂ ਦਿੱਲੀ: ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਅਤਿਵਾਦੀ ਗੁੱਟ ਬੱਬਰ ਖਾਲਸਾ ਇੰਟਰਨੈਸ਼ਨਲ ਅਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਰੋਹ ਵਿਚਕਾਰਲੇ ਗੱਠਜੋੜ ਨਾਲ ਜੁੜੇ ਇਕ ਮਾਮਲੇ ’ਚ ਚਾਰ ਮੁਲਜ਼ਮਾਂ ਖ਼ਿਲਾਫ਼ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਹੈ। ਜਾਂਚ ਏਜੰਸੀ ਦੇ ਤਰਜਮਾਨ ਨੇ ਕਿਹਾ ਕਿ ਦਰਮਨ ਸਿੰਘ ਉਰਫ਼ ਦਰਮਨਜੋਤ ਕਾਹਲੋਂ, ਪਰਵੀਨ ਵਧਵਾ ਉਰਫ਼ ਪ੍ਰਿੰਸ, ਯੁੱਧਵੀਰ ਸਿੰਘ ਉਰਫ਼ ਸਾਧੂ ਅਤੇ ਵਿਕਾਸ ਸਿੰਘ ਖ਼ਿਲਾਫ਼ ਐੱਨਆਈਏ ਦੀ ਵਿਸ਼ੇਸ਼ ਅਦਾਲਤ ’ਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਸਾਰੇ ਮੁਲਜ਼ਮਾਂ ’ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਅਤੇ ਗ਼ੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਤਹਤਿ ਅਪਰਾਧਕ ਸਾਜ਼ਿਸ਼ ਘੜਨ ਤੇ ਦਹਿਸ਼ਤ ਫੈਲਾਉਣ ਦੇ ਦੋਸ਼ ਲਾਏ ਗਏ ਹਨ। ਤਰਜਮਾਨ ਨੇ ਕਿਹਾ ਕਿ ਕਾਹਲੋਂ ਕੈਨੇਡਾ ਆਧਾਰਤਿ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਖਬੀਰ ਸਿੰਘ ਉਰਫ਼ ਲੰਡਾ ਅਤੇ ਲਾਰੈਂਸ ਬਿਸ਼ਨੋਈ ਗੁੱਟ ਵਿਚਕਾਰ ਅਹਿਮ ਕੜੀ ਸੀ। ਉਹ ਅਮਰੀਕਾ ਤੋਂ ਹਥਿਆਰਾਂ, ਧਮਾਕਾਖੇਜ਼ ਸਮੱਗਰੀ ਅਤੇ ਹੈਰੋਇਨ ਦੀ ਪਾਕਿਸਤਾਨ ਤੋਂ ਭਾਰਤ ’ਚ ਤਸਕਰੀ ਸਮੇਤ ਹੋਰ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਸੀ। ਅਧਿਕਾਰੀ ਨੇ ਕਿਹਾ ਕਿ ਪ੍ਰਿੰਸ ਅਤੇ ਵਿਕਾਸ ਸਿੰਘ ਲਾਰੈਂਸ ਬਿਸ਼ਨੋਈ ਦਹਿਸ਼ਤੀ ਸਿੰਡੀਕੇਟ ਨਾਲ ਜੁੜੇ ਹੋਏ ਹਨ। ਵਿਕਾਸ ਨੇ ਮੁਹਾਲੀ ’ਚ ਪੰਜਾਬ ਪੁਲੀਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਆਰਪੀਜੀ ਹਮਲੇ ਲਈ ਜ਼ਿੰਮੇਵਾਰ ਗਰੋਹ ਦੇ ਮੈਂਬਰਾਂ ਨੂੰ ਸੁਰੱਖਿਅਤ ਟਿਕਾਣਾ ਮੁਹੱਈਆ ਕਰਵਾਇਆ ਸੀ। ਐੱਨਆਈਏ ਨੇ 24 ਮਾਰਚ ਨੂੰ 14 ਮੁਲਜ਼ਮਾਂ ਖ਼ਿਲਾਫ਼ ਮੁੱਢਲੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਮਗਰੋਂ 9 ਅਗਸਤ ਨੂੰ ਤਿੰਨ ਹੋਰ ਮੁਲਜ਼ਮਾਂ ਖ਼ਿਲਾਫ਼ ਪਹਿਲੀ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ ਕੀਤੀ ਸੀ। -ਪੀਟੀਆਈ