ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 11 ਨਵੰਬਰ
ਅੰਬਾਲਾ ਕੈਂਟ ਦੇ ਟਾਂਗਰੀ ਬੰਨ੍ਹ ਦੇ ਪਾਰ ਨਿਊ ਸ਼ਕਤੀ ਨਗਰ ਵਿਚ ਚਾਹ ਬਣਾਉਂਦੇ ਸਮੇਂ ਗੈਸ ਦਾ ਛੋਟਾ ਸਿਲੰਡਰ ਫਟ ਗਿਆ। ਇਸ ਮੌਕੇ ਧਮਾਕਾ ਏਨਾ ਜ਼ੋਰਦਾਰ ਸੀ ਕਮਰੇ ਦੀ ਕੰਧ ਡਿੱਗ ਗਈ ਅਤੇ ਮਲਬੇ ਹੇਠ ਆਉਣ ਨਾਲ ਦੋ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਪੰਜ ਜ਼ਖ਼ਮੀ ਹੋ ਗਏ। ਇਹ ਸਾਰੇ ਉੱਤਰ ਪ੍ਰਦੇਸ਼ ਦੇ ਖਤੌਲੀ ਦੇ ਰਹਿਣ ਵਾਲੇ ਸਨ ਅਤੇ ਅੰਬਾਲਾ ਵਿਚ ਕਬਾੜ ਖ਼ਰੀਦਣ ਦਾ ਕੰਮ ਕਰਦੇ ਸਨ। ਦੂਜੇ ਪਾਸੇ, ਪੁਲੀਸ ਗੈਸ ਸਿਲੰਡਰ ਨਾਲ ਹੋਏ ਧਮਾਕੇ ਨੂੰ ਸ਼ੱਕੀ ਤਰੀਕੇ ਨਾਲ ਦੇਖ ਰਹੀ ਹੈ। ਜਾਣਕਾਰੀ ਅਨੁਸਾਰ ਦਿਲਸ਼ਾਦ ਨੇ 15 ਦਿਨ ਪਹਿਲਾਂ ਹੀ ਟਾਂਗਰੀ ਬੰਨ੍ਹ ਕੋਲ ਨਿਊ ਸ਼ਕਤੀ ਨਗਰ ਵਿਚ ਦੋ ਕਮਰੇ ਕਿਰਾਏ ’ਤੇ ਲਏ ਸਨ ਜਿਨ੍ਹਾਂ ਵਿਚ 7 ਜਣੇ ਰਹਿੰਦੇ ਸਨ। ਧਮਾਕਾ ਹੋਣ ਮਗਰੋਂ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਫਜ਼ਲ ਦੀ ਲਾਸ਼ ਮਲਬੇ ਹੇਠੋਂ ਕੱਢੀ ਜਦਕਿ ਦਿਲਸ਼ਾਦ ਨੇ ਰਾਹ ਵਿਚ ਹੀ ਦਮ ਤੋੜ ਦਿੱਤਾ।