ਪੱਤਰ ਪ੍ਰੇਰਕ
ਨਵੀਂ ਦਿੱਲੀ, 13 ਨਵੰਬਰ
ਦੀਵਾਲੀ ਤੋਂ ਇੱਕ ਦਿਨ ਬਾਅਦ ਸੋਮਵਾਰ ਨੂੰ ਦਿੱਲੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਮਾੜੀ’ ਹੋਣ ਮਗਰੋਂ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਪ੍ਰੈੱਸ ਕਾਨਫਰੰਸ ਕੀਤੀ। ਇਸ ਮੌਕੇ ਸ੍ਰੀ ਰਾਏ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ,‘‘ਅਸੀਂ ਕੁਝ ਥਾਵਾਂ ’ਤੇ ਭਾਜਪਾ ਆਗੂਆਂ ਨੂੰ ਪਟਾਕਿਆਂ ਦਾ ਪ੍ਰਚਾਰ ਕਰਦੇ ਹੋਏ ਦੇਖਿਆ। ਕੁਝ ਥਾਵਾਂ ’ਤੇ ਨਿਸ਼ਾਨਾ ਬਣਾ ਕੇ ਪਟਾਕੇ ਚਲਾਏ ਗਏ ਸਨ ਅਤੇ ਭਾਜਪਾ ਵਰਕਰਾਂ ਵੱਲੋਂ ਲੋਕਾਂ ਨੂੰ ਪਟਾਕੇ ਚਲਾਉਣ ਲਈ ਉਕਸਾਇਆ ਗਿਆ, ਇਸ ਕਾਰਨ ਅੱਜ ਏਕਿਊਆਈ ਵੱਧ ਗਿਆ ਹੈ। ਜੇਕਰ ਉਹ ਪਟਾਕੇ ਨਾ ਚਲਾਏ ਜਾਂਦੇ ਤਾਂ ਏਕਿਊਆਈ ਘੱਟ ਰਹਿੰਦਾ।’’ ਉਨ੍ਹਾਂ ਕਿਹਾ ਕਿ ਜੇਕਰ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) ‘ਗੰਭੀਰ ਪਲੱਸ’ (450 ਜਾਂ ਵੱਧ) ਤੱਕ ਪਹੁੰਚਦਾ ਹੈ ਤਾਂ ਦਿੱਲੀ ਸਰਕਾਰ ਜਿਸਤ-ਟਾਂਕ ਵਾਹਨ ਰਾਸ਼ਨਿੰਗ ਯੋਜਨਾ ਲਾਗੂ ਕਰੇਗੀ। ਦਿੱਲੀ ਵਿੱਚ ਪ੍ਰਦੂਸ਼ਣ ਵਧਣ ਦੇ ਮਾਮਲੇ ’ਤੇ ਅੱਜ ਗੋਪਾਲ ਰਾਏ ਵੱਲੋਂ ਅਧਿਕਾਰੀਆਂ ਨਾਲ ਰੀਵਿਊ ਮੀਟਿੰਗ ਕੀਤੀ ਤੇ ਪ੍ਰਦੂਸ਼ਣ ਦੇ ਹਾਲਤਾਂ ਬਾਰੇ ਚਰਚਾ ਕੀਤੀ। ਸ੍ਰੀ ਰਾਏ ਨੇ ਦੱਸਿਆ ਕਿ ਜੀਆਰਏਪੀ ਤਹਿਤ ਲਾਗੂ ਨੇਮ ਅਜੇ ਜਾਰੀ ਰਹਿਣਗੇ ਤੇ ਦਿੱਲੀ ਵਿੱਚ ਦਾਖ਼ਲ ਹੋਣ ਵਾਲੀਆਂ ਪਾਬੰਦੀਸ਼ੁਦਾ ਗੱਡੀਆਂ ਉਪਰ ਰੋਕ ਪਹਿਲਾਂ ਵਾਂਗ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਜੀਆਰਏਪੀ 4 ਨਿਯਮਾਂ ਦੇ ਤਹਿਤ ਪ੍ਰਦੂਸ਼ਣ ਵਿਰੋਧੀ ਉਪਾਅ ਸੀਏਕਿਊਐੱਮ (ਕਮਿਸ਼ਨ ਫਾਰ ਏਅਰ ਕੁਆਲਿਟੀ ਮੈਨੇਜਮੈਂਟ) ਦੇ ਅਗਲੇ ਆਦੇਸ਼ ਤੱਕ ਦਿੱਲੀ ਵਿੱਚ ਲਾਗੂ ਰਹਿਣਗੇ। ਬੀਐੱਸ-3 ਪੈਟਰੋਲ ਵਾਹਨਾਂ ਅਤੇ ਬੀਐੱਸ ਡੀਜ਼ਲ ਵਾਹਨਾਂ ’ਤੇ ਪਾਬੰਦੀ ਬਰਕਰਾਰ ਰਹੇਗੀ। ਸਾਰੇ ਟਰੱਕਾਂ ਨੂੰ ਛੱਡ ਕੇ, ਜ਼ਰੂਰੀ ਸਾਮਾਨ ਲੈ ਕੇ ਜਾਣ ਵਾਲੇ ਅਤੇ ਜ਼ਰੂਰੀ ਸੇਵਾਵਾਂ ਨਾਲ ਜੁੜੇ ਹੋਏ ਅਤੇ ਸੀਐੱਨਜੀ ਅਤੇ ਇਲੈਕਟ੍ਰਿਕ ਟਰੱਕਾਂ ਨੂੰ ਦਿੱਲੀ ਵਿੱਚ ਦਾਖ਼ਲ ਹੋਣ ਦੀ ਆਗਿਆ ਨਹੀਂ ਹੋਵੇਗੀ। ਸ੍ਰੀ ਰਾਏ ਨੇ ਕਿਹਾ ਕਿ ਧੂੜ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਦੀ ਮੁਹਿੰਮ 30 ਨਵੰਬਰ ਤੱਕ ਵਧਾ ਦਿੱਤੀ ਗਈ ਹੈ, 14 ਨਵੰਬਰ ਤੋਂ ਕੂੜਾ-ਕਰਕਟ ਨੂੰ ਖੁੱਲ੍ਹੇਆਮ ਸਾੜਨ ਵਿਰੁੱਧ ਮਹੀਨਾ ਭਰ ਚੱਲਣ ਵਾਲੀ ਮੁਹਿੰਮ ਜਾਰੀ ਕਰੇਗੀ। ਦਿੱਲੀ ਅਤੇ ਇਸ ਦੇ ਨਾਲ ਲੱਗਦੇ ਕੌਮੀ ਰਾਜਧਾਨੀ ਖੇਤਰ (ਐੱਨਸੀਆਰ) ਨੂੰ ਸੋਮਵਾਰ ਸਵੇਰੇ ਧੂੰਏਂ ਦੀ ਇੱਕ ਮੋਟੀ ਪਰਤ ਨੇ ਘੇਰ ਲਿਆ ਤੇ ਇਸ ਖਿੱਤੇ ਦੇ ਲੋਕਾਂ ਨੇ ਸ਼ਹਿਰ ਭਰ ਵਿੱਚ ਪਟਾਕੇ ਚਲਾ ਕੇ ਦੀਵਾਲੀ ਮਨਾਈ, ਜਿਸ ਕਰ ਕੇ ਪਹਿਲਾਂ ਹੀ ਵਿਗੜ ਰਹੀ ਹਵਾ ਦੀ ਗੁਣਵੱਤਾ ਨੁਕਸਾਨੀ ਗਈ। ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪਟਾਕੇ ਚਲਾਉਣ ਦੀਆਂ ਖ਼ਬਰਾਂ ਹਨ। ਦਿੱਲੀ ਫਾਇਰ ਸਰਵਿਸ ਨੂੰ ਵੀ ਪਟਾਕਿਆਂ ਨਾਲ ਲੱਗੀ ਅੱਗ ਬੁਝਾਉਣ ਦੀਆਂ ਕਾਲਾਂ ਆਈਆਂ। ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਦਿੱਲੀ ’ਚ ਪਟਾਕਿਆਂ ਦੇ ਉਤਪਾਦਨ, ਸਟੋਰੇਜ ਤੇ ਵਿਕਰੀ ’ਤੇ ਪਾਬੰਦੀ ਹੈ। ਪਟਾਕਿਆਂ ਨੂੰ ਯੂਪੀ ਅਤੇ ਹਰਿਆਣਾ ਤੋਂ ਦਿੱਲੀ ਲਿਆਂਦਾ ਗਿਆ ਸੀ। ਦਿੱਲੀ, ਹਰਿਆਣਾ ਦੀ ਪੁਲੀਸ ਅਤੇ ਯੂਪੀ ਭਾਜਪਾ ਦੇ ਕੰਟਰੋਲ ਵਿੱਚ ਹੈ ਅਤੇ ਕੋਈ ਵੀ ਆਮ ਆਦਮੀ ਇਨ੍ਹਾਂ ਤਿੰਨਾਂ ਰਾਜਾਂ ਦੀ ਪੁਲੀਸ ਬਲਾਂ ਦੀ ਨਿਗਰਾਨੀ ਵਿੱਚ ਆਸਾਨੀ ਨਾਲ ਪਟਾਕਿਆਂ ਦੀ ਸਪਲਾਈ ਨਹੀਂ ਕਰ ਸਕਦਾ ਹੈ ਪਰ ਕੁਝ ਖਾਸ ਲੋਕਾਂ ਨੇ ਅਜਿਹਾ ਕੀਤਾ ਹੈ।
ਦੀਵਾਲੀ ਮਗਰੋਂ ਦਿੱਲੀ ਚ ਪੀਐੱਮ 2.5 ਦਾ ਗਾੜ੍ਹਾਪਣ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੁਆਰਾ ਨਿਰਧਾਰਤ ਸੀਮਾ ਤੋਂ 20 ਗੁਣਾ ਦਰਜ ਕੀਤਾ ਗਿਆ ਹੈ, ਜਿਸ ਨਾਲ ਦਿੱਲੀ ਸਰਕਾਰ ਨੇ ਸਾਰੀਆਂ ਪ੍ਰਾਇਮਰੀ ਕਲਾਸਾਂ ਨੂੰ ਬੰਦ ਕਰਨ ਅਤੇ ਟਰੱਕਾਂ ਦੇ ਦਾਖਲੇ ’ਤੇ ਪਾਬੰਦੀ ਲਗਾਉਣ ਲਈ ਕਿਹਾ ਗਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਦੀਵਾਲੀ ਮੌਕੇ ਦਿੱਲੀ ਫਾਇਰ ਸਰਵਿਸ ਨੂੰ ਅੱਗ ਨਾਲ ਸਬੰਧਤ 208 ਕਾਲਾਂ ਆਈਆਂ ਜਿਨ੍ਹਾਂ ’ਚੋਂ 22 ਪਟਾਕਿਆਂ ਅਤੇ ਹੋਰ ਕਾਰਨਾਂ ਕਰ ਕੇ ਆਈਆਂ। ਅਧਿਕਾਰੀ ਨੇ ਕਿਹਾ ਕਿ ਮੰਗੋਲਪੁਰੀ, ਬਜਲੀਤ ਨਗਰ, ਭੌਰਗੜ੍ਹ, ਰਾਜੌਰੀ ਗਾਰਡਨ, ਕੋਹਾਟ ਐਨਕਲੇਵ ਚੌਂ ਤੇ ਤਿੰਨ ਸੜਕ ਦੁਰਘਟਨਾਵਾਂ ਸਮੇਤ 16 ਗੈਰ-ਘਾਤਕ ਅੱਗ ਦੀਆਂ ਕਾਲਾਂ ਪ੍ਰਾਪਤ ਹੋਈਆਂ ਸਨ। ਇਨ੍ਹਾਂ ਵਿਚੋਂ ਤਾਲੇ ਬੰਦ ਘਰਾਂ ਬਾਰੇ ਤਿੰਨ ਕਾਲਾਂ ਪ੍ਰਾਪਤ ਹੋਈਆਂ ਸਨ। ਜ਼ਿਕਰਯੋਗ ਹੈ ਕਿ ਹਿੰਦੂਵਾਦੀ ਆਗੂ ਜੈ ਭਗਵਾਨ ਗੋਇਲ ਨੇ ਪ੍ਰੈੱਸ ਕਲੱਬ ’ਚ ਕਾਨਫਰੰਸ ਦੌਰਾਨ ਲੋਕਾਂ ਨੂੰ ਪਟਾਕੇ ਚਲਾਉਣ ਲਈ ਅਸਿੱਧੇ ਤਰੀਕੇ ਨਾਲ ਕਿਹਾ ਸੀ।