ਸੁਭਾਸ਼ ਚੰਦਰ
ਸਮਾਣਾ, 13 ਨਵੰਬਰ
ਸ਼ਹਿਰ ਦੇ ਬੱਸ ਸਟੈਂਡ ਰੋਡ ਤੋਂ ਲੰਘਦੇ ਸਮੇਂ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਸੋਮਵਾਰ ਦੁਪਹਿਰ ਬਾਅਦ ਜਦੋਂ ਕੁਝ ਗੱਡੀਆਂ ਨੂੰ ਬਿਨਾਂ ਪਾਰਕਿੰਗ ਸੜਕ ’ਤੇ ਖੜ੍ਹੇ ਵੇਖਿਆ ਤਾਂ ਉਨ੍ਹਾਂ ਤਰੁੰਤ ਆਪਣੀ ਗੱਡੀ ’ਚੋਂ ਉਤਰ ਕੇ ਟ੍ਰੈਫਿਕ ਪੁਲੀਸ ਨੂੰ ਬੁਲਾ ਕੇ ਸੜਕ ’ਤੇ ਖੜ੍ਹੀਆਂ ਗੱਡੀਆਂ ਦੇ ਮਾਲਕਾਂ ਖ਼ਿਲਾਫ਼ ਪੁਲੀਸ ਨੂੰ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ।
ਇਸ ਮੌਕੇ ਸ੍ਰੀ ਜੌੜਾਮਾਜਰਾ ਨੇ ਕਿਹਾ ਕਿ ਬੱਸ ਸਟੈਂਡ ਤੋਂ ਤਹਿਸੀਲ ਰੋਡ ਤੱਕ ਆਵਾਜਾਈ ਦੀ ਸਮੱਸਿਆ ਲੋਕਾਂ ਨੇ ਖੁਦ ਬਣਾਈ ਹੋਈ ਹੈ ਕਿਉਕਿ ਵਾਹਨ ਚਾਲਕ ਬਾਜ਼ਾਰ ਵਿੱਚ ਜਾਣ ਲੱਗਿਆਂ ਆਪਣੇ ਵਾਹਨ ਸੜਕ ਦੇ ਵਿਚਕਾਰ ਹੀ ਖੜ੍ਹੇ ਕਰ ਜਾਂਦੇ ਹਨ ਜਿਸ ਨਾਲ ਉੱਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਮੌਕੇ ’ਤੇ ਸੱਦੇ ਟਰੈਫਿਕ ਇੰਚਾਰਜ ਸੁਖਵਿੰਦਰ ਸਿੰਘ ਨੂੰ ਇਸ ਮਾਮਲੇ ’ਚ ਕਿਸੇ ਦੀ ਵੀ ਰਿਆਇਤ ਨਾ ਕਰਨ ਦੀ ਤਾਕੀਦ ਕਰਦਿਆਂ ਕਿਹਾ ਕਿ ਸੜਕ ਵਿਚਕਾਰ ਖੜ੍ਹੀਆਂ ਗੱਡੀਆਂ ਦੇ ਟਾਇਰਾਂ ਨੂੰ ਜਿੰਦਰਾ ਲਾ ਕੇ ਚਲਾਨ ਕਰਨ ਉਪਰੰਤ ਜ਼ਬਤ ਕਰ ਲਿਆ ਜਾਵੇ। ਕੈਬਨਿਟ ਮੰਤਰੀ ਨੇ ਮੀਡੀਆ ਰਾਹੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖ੍ਰੀਦਦਾਰੀ ਕਰਦੇ ਸਮੇਂ ਆਪਣੇ ਵਾਹਨ ਨਿਰਧਾਰਿਤ ਪਾਰਕਿੰਗ ਵਿੱਚ ਹੀ ਖੜ੍ਹੇ ਕਰਨ ਤਾਂ ਜੋ ਟ੍ਰੈਫਿਕ ਵਿੱਚ ਕੋਈ ਸਮੱਸਿਆ ਪੈਦਾ ਨਾ ਹੋਵੇ। ਪੁਲਸ ਨੇ ਹਰਕਤ ਵਿਚ ਆ ਕੇ ਕਈ ਗੱਡੀਆਂ ਦੇ ਚਲਾਨ ਕਰ ਦਿੱਤੇ। ਜਿਨ੍ਹਾਂ ਵਿੱਚੋਂ ਇਕ ਗੱਡੀ ਦਾ ਚਲਾਨ ਕੈਬਨਿਟ ਮੰਤਰੀ ਨੂੰ ਰਿਸਤੇਦਾਰ ਦੀ ਗੱਡੀ ਹੋਣ ਕਾਰਨ ਆਪਣੀ ਜੇਬ੍ਹ ਵਿਚੋਂ ਭਰਨਾ ਪਿਆ।