ਪੱਤਰ ਪ੍ਰੇਰਕ
ਤਰਨ ਤਾਰਨ, 13 ਨਵੰਬਰ
ਤਰਨ ਤਾਰਨ ਵਿੱਚ ਦੀਵਾਲੀ ਅਤੇ ਬੰਦੀ ਛੋੜ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ| ਦੀਵਾਲੀ ਦੇ ਦਿਨ ਲੋਕਾਂ ਨੇ ਮਠਿਆਈਆਂ ਆਦਿ ਦੀ ਖੂਬ ਖਰੀਦਦਾਰੀ ਕੀਤੀ ਅਤੇ ਰਾਤ ਵੇਲੇ ਘਰਾਂ ’ਚ ਦੀਪਮਾਲਾ ਤੇ ਆਤਿਸ਼ਬਾਜ਼ੀ ਕੀਤੀ ਗਈ| ਗੁਰਧਾਮਾਂ ਵਿੱਚ ਸ਼ਰਧਾਲੂਆਂ ਦੀਆਂ ਸਵੇਰ ਤੋਂ ਆਮਦ ਸ਼ੁਰੂ ਗਈ ਸੀ| ਦੂਰ-ਦੁਰੇਡੇ ਥਾਵਾਂ ਤੋਂ ਇਸ ਮੌਕੇ ਸ੍ਰੀ ਅਕਾਲ ਤਖ਼ਤ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਈਆਂ ਸੰਗਤਾਂ ਨੇ ਦਰਬਾਰ ਸਾਹਿਬ ਤਰਨ ਤਾਰਨ ਦੇ ਵੀ ਦਰਸ਼ਨ ਇਸ਼ਨਾਨ ਕੀਤੇ| ਦਰਬਾਰ ਸਾਹਿਬ ਤਰਨ ਤਾਰਨ ਦੇ ਮੈਨੇਜਰ ਭਾਈ ਧਰਵਿੰਦਰ ਸਿੰਘ ਮਾਨੋਚਾਹਲ ਨੇ ਦੱਸਿਆ ਕਿ ਸ਼ਰਧਾਲੂਆਂ ਦੀ ਆਮਦ ਦਾ ਧਿਆਨ ਰੱਖਦਿਆਂ ਉਨ੍ਹਾਂ ਦੇ ਠਹਿਰਨ ਅਤੇ ਲੰਗਰ ਦੇ ਬੰਦੋਬਸਤ ਕੀਤੇ ਹੇਏ ਸਨ| ਇਸੇ ਤਰ੍ਹਾਂ ਜ਼ਿਲ੍ਹੇ ਦੀਆਂ ਹੋਰ ਥਾਵਾਂ ’ਤੇ ਵੀ ਦੀਵਾਲੀ ਉਤਸ਼ਾਹ ਨਾਲ ਮਨਾਈ ਗਈ।
ਜੈਂਤੀਪੁਰ (ਪੱਤਰ ਪ੍ਰੇਰਕ): ਸ੍ਰੀ ਗੁਰੂ ਹਰਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮੱਝਵਿੰਡ ਗੋਪਲਪੁਰਾ ਵਿਖੇ ਦੀਵਾਲੀ ਅਤੇ ਬੰਦੀਛੋੜ ਦਿਵਸ ਪ੍ਰਿੰਸੀਪਲ ਪਰਮਜੀਤ ਕੌਰ ਦੀ ਅਗਵਾਈ ਹੇਠ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਬੱਚਿਆਂ ਵੱਲੋਂ ਗਾਇਨ ਸ਼ਬਦ ਸਤਿਗੁਰ ਬੰਦੀਛੋੜ ਹੈ ਨਾਲ ਹੋਈ ਇਸ ਤੋਂ ਉਪਰੰਤ ਬੱਚਿਆਂ ਨੇ ਦੀਵਾਲੀ ਅਤੇ ਬੰਦੀਛੋੜ ਦਿਵਸ ਬਾਰੇ ਭਾਸ਼ਣ, ਕਵਿਤਾ ਅਤੇ ਗੀਤ ਸੁਣਾਏ। ਧਾਰਮਿਕ ਅਧਿਆਪਕ ਅਰਸ਼ਦੀਪ ਸਿੰਘ ਅਤੇ ਪੂਨਮ ਮਿਸ਼ਰਾ ਨੇ ਬੱਚਿਆਂ ਨੂੰ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ।
ਕਾਦੀਆਂ (ਪੱਤਰ ਪ੍ਰੇਰਕ): ਇੱਥੇ ਦੀਵਾਲੀ ਦਾ ਤਿਉਹਾਰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਦਿਨ ਸ਼ਹਿਰ ਵਿੱਚ ਕਾਫ਼ੀ ਰੌਣਕ ਰਹੀ। ਇਸ ਦੇ ਨਾਲ ਹੀ ਧਾਰਮਿਕ ਸਥਾਨਾਂ ’ਤੇ ਲੋਕਾਂ ਵੱਲੋਂ ਦੀਪਮਾਲਾ ਵੀ ਕੀਤੀ ਗਈ।
ਸਰਹੱਦ ’ਤੇ ਬੀਐੱਸਐੱਫ ਦੇ ਜਵਾਨਾਂ ਨੂੰ ਮਠਿਆਈ ਵੰਡੀ
ਪਠਾਨਕੋਟ (ਪੱਤਰ ਪ੍ਰੇਰਕ): ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਨੇ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਪੈਂਦੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਪਹਾੜੀਪੁਰ ਪੋਸਟ ’ਤੇ ਜਵਾਨਾਂ ਨਾਲ ਦੀਵਾਲੀ ਮਨਾਈ ਅਤੇ ਆਤਿਸ਼ਬਾਜ਼ੀ ਚਲਾ ਕੇ ਉਨ੍ਹਾਂ ਨੂੰ ਮਠਿਆਈਆਂ ਵੰਡੀਆਂ। ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ ਜੋ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਸਰਹੱਦ ’ਤੇ ਜਾ ਕੇ ਆਪਣੇ ਦੇਸ਼ ਦੇ ਵੀਰ ਜਵਾਨਾਂ ਨਾਲ ਦੀਵਾਲੀ, ਹੋਲੀ ਅਤੇ ਰੱਖੜੀ ਜਿਹੇ ਤਿਉਹਾਰ ਮਨਾ ਕੇ ਉਨ੍ਹਾਂ ਦਾ ਮਨੋਬਲ ਵਧਾਉਂਦੀ ਹੈ। ਬੀਐੱਸਐੱਫ ਦੀ 121ਵੀਂ ਬਟਾਲੀਅਨ ਦੇ ਸਹਾਇਕ ਕਮਾਂਡੈਂਟ ਅਖਿਲੇਸ਼ ਕੁਮਾਰ ਜਵਾਨਾਂ ਦਾ ਕਹਿਣਾ ਸੀ ਕਿ ਸ਼ਹੀਦ ਸੈਨਿਕ ਪਰਿਵਾਰ ਪ੍ਰੀਸ਼ਦ ਵੱਲੋਂ ਉਨ੍ਹਾਂ ਦੇ ਨਾਲ ਦੀਵਾਲੀ ਮਨਾਉਣ ਦਾ ਇਹ ਜੋ ਉਪਰਾਲਾ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਇਸ ਮੌਕੇ ਸ਼ਹੀਦ ਕਰਨਲ ਕੇਐਲ ਗੁਪਤਾ ਦੇ ਭਰਾ ਸੁਰਿੰਦਰ ਗੁਪਤਾ, ਸ਼ਹੀਦ ਸਿਪਾਹੀ ਦੀਵਾਨ ਚੰਦ ਦੀ ਪਤਨੀ ਸੁਮਿੱਤਰੀ ਦੇਵੀ, ਕਾਰਗਿਲ ਸ਼ਹੀਦ ਹਰੀਸ਼ ਪਾਲ ਦੀ ਪਤਨੀ ਕੌਸ਼ਲਿਆ ਦੇਵੀ, ਪੁਲਵਾਮਾ ਹਮਲੇ ਦੇ ਸ਼ਹੀਦ ਮਨਿੰਦਰ ਸਿੰਘ ਦੇ ਪਿਤਾ ਸੱਤਪਾਲ ਅੱਤਰੀ, ਸ਼ਹੀਦ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਬੀਐੱਸਐੱਫ ਦੀ ਮਹਿਲਾ ਕਾਂਸਟੇਬਲਜ਼ ਡੀ. ਕੁਸ਼ਲਤਾ, ਮਨੀਸ਼ਾ ਕੌਸ਼ਲ ਤੇ ਸ਼ੁਭਾਂਗੀ ਆਦਿ ਹਾਜ਼ਰ ਸਨ।