ਜਸਵੰਤ ਜੱਸ
ਫ਼ਰੀਦਕੋਟ, 13 ਨਵੰਬਰ
ਦੀਵਾਲੀ ਦੇ ਤਿਉਹਾਰ ’ਤੇ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਸ਼ਹਿਰ ਵਿੱਚ ਬੈਠ ਕੇ ਸੜਕਾਂ ਕੰਢੇ ਬੈਠ ਕੇ ਦੀਵਾਲੀ ਦਾ ਸਾਮਾਨ ਵੇਚਣ ਵਾਲੇ ਕਿਰਤੀਆਂ ਕੋਲ ਜਾ ਕੇ ਦੀਵਾਲੀ ਮਨਾਈ ਅਤੇ ਉਨ੍ਹਾਂ ਨੂੰ ਦੀਵਾਲੀ ਦੇ ਤੋਹਫ਼ੇ ਤੇ ਮਠਿਆਈ ਵੰਡੀ।
ਇਸ ਮੌਕੇ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਤਿੰਨਾਂ ਦਿਨਾਂ ਤੋਂ ਆਪਣੇ ਪੂਰੇ ਪਰਿਵਾਰ ਨਾਲ ਦੀਵਾਲੀ ਦਾ ਸਾਮਾਨ ਵੇਚਣ ਲਈ ਸੜਕਾਂ ਕਿਨਾਰੇ ਬੈਠੀ ਸੀ ਅਤੇ ਦੀਵਾਲੀ ਦੀ ਸ਼ਾਮ ਵਿਧਾਇਕ ਨੇ ਉਨ੍ਹਾਂ ਨੂੰ ਮਠਿਆਈਆਂ ਦੇ ਡੱਬੇ ਭੇਟ ਕੀਤੇ। ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵੀ ਕੋਟਕਪੂਰਾ ਵਿੱਚ ਸੜਕਾਂ ਕਿਨਾਰੇ ਬੈਠੇ ਕੁਝ ਮਜ਼ਦੂਰਾਂ ਨੂੰ ਕੱਪੜੇ ਅਤੇ ਮਠਿਆਈ ਤੇ ਤੋਹਫੇ ਤਕਸੀਮ ਕੀਤੇ। ਗੁਰਦੁਆਰਾ ਸਾਹਿਬ ਲੰਗਰ ਮਾਤਾ ਖੀਵੀ ਜੀ ਦੇ ਸੰਚਾਲਕ ਕੈਪਟਨ ਧਰਮ ਸਿੰਘ ਨੇ ਕਿਹਾ ਕਿ ਰੱਜੇ-ਪੁੱਜਿਆਂ ਦੇ ਘਰ ਦੀਵਾਲੀ ਦੇ ਤੋਹਫੇ ਭੇਜਣ ਨਾਲੋਂ ਮਜ਼ਦੂਰਾਂ ਤੇ ਕਿਰਤੀਆਂ ਕੋਲ ਜਾ ਕੇ ਉਨ੍ਹਾਂ ਨਾਲ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ ਗਈ ਅਤੇ ਕਿਰਤੀਆਂ ਨੇ ਵੀ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਦੀਵਾਲੀ ਵਾਲੇ ਦਿਨ ਬਾਜ਼ਾਰਾਂ ਵਿੱਚ ਭਾਰੀ ਰੌਣਕ ਰਹੀ। ਬਾਜ਼ਾਰਾਂ ਵਿੱਚ ਇੰਨੀ ਭੀੜ ਸੀ ਕਿ ਦੁਪਹੀਆ ਵਾਹਨਾਂ ਨੂੰ ਲੰਘਣਾ ਵੀ ਮੁਸ਼ਕਿਲ ਹੋ ਗਿਆ ਸੀ।
ਇਸ ਮੌਕੇ ਹਲਕਾ ਵਿਧਾਇਕ ਜਗਸੀਰ ਸਿੰਘ, ਉਨ੍ਹਾਂ ਦੇ ਅਦਾਕਾਰ ਅਤੇ ਪੰਜਾਬੀ ਗਾਇਕ ਪੁੱਤਰ ਹਰਸਿਮਰਨ ਸਿੰਘ, ਨਿੱਜੀ ਸਹਾਇਕ ਰਸਟੀ ਮਿੱਤਲ, ‘ਆਪ’ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮਾਹਲ, ਕੌਂਸਲਰ ਪ੍ਰਿੰਸ ਗੋਲਨ, ਦਰਸ਼ੀ ਗਰਗ ਅਤੇ ਰਾਜੇਸ਼ ਨਿੱਕਾ ਨੇ ਬਾਜ਼ਾਰ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਬਿਰਜ ਸਿੰਗਲਾ ਅਤੇ ਸਿਹਤ ਵਿਭਾਗ ਦੇ ਮੁੱਖ ਬੁਲਾਰੇ ਰਾਜਵਿੰਦਰ ਸਿੰਘ ਰੰਗੀਲਾ ਹਾਜ਼ਰ ਸਨ।