ਹਰਜੀਤ ਸਿੰਘ
ਡੇਰਾਬੱਸੀ/ਜ਼ੀਰਕਪੁਰ, 13 ਨਵੰਬਰ
ਡੇਰਾਬੱਸੀ, ਜ਼ੀਰਕਪੁਰ ਅਤੇ ਨੇੜਲੇ ਪਿੰਡਾਂ ਵਿੱਚ ਦੀਵਾਲੀ ਧੂਮਧਾਮ ਨਾਲ ਮਨਾਈ ਗਈ। ਇਸ ਮੌਕੇ ਬਾਜ਼ਾਰਾਂ ਵਿੱਚ ਕਾਫੀ ਰੌਣਕ ਦੇਖਣ ਨੂੰ ਮਿਲੀ। ਸ਼ਹਿਰ ਵਿੱਚ ਦੇਰ ਰਾਤ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ। ਦਾਵਾਲੀ ਵਾਲੇ ਰਾਤ ਲਾਏ ਗਏ ਸਟਾਲ ’ਤੇ ਟੈਂਟ ਨੂੰ ਲੈ ਕੇ ਹੋਏ ਝਗੜੇ ਵਿੱਚ ਦੇਵੀਨਗਰ ਦਾ ਵਸਨੀਕ ਇਕ ਵਿਅਕਤੀ ਜ਼ਖ਼ਮੀ ਹੋ ਗਿਆ। ਉਸ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਹੈ। ਦੂਜੇ ਪਾਸੇ ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਜ਼ਖ਼ਮੀ ਹੋਏ 22 ਵਿਅਕਤੀ ਸਿਵਲ ਹਸਪਤਾਲ ਪਹੁੰਚੇ। ਜ਼ਖ਼ਮੀਆਂ ਵਿੱਚ ਅੱਠ ਬੱਚੇ ਵੀ ਸ਼ਾਮਲ ਸਨ। ਜ਼ਖ਼ਮੀਆਂ ਵਿੱਚ ਦੋ ਵਿਅਕਤੀ ਅਜਿਹੇ ਸ਼ਾਮਲ ਸਨ ਜਿਹੜੇ ਕਿ ਆਪਣੇ ਬੱਚਿਆਂ ਨੂੰ ਪਟਾਕਿਆਂ ਤੋਂ ਬਚਾਉਂਦੇ ਹੋਏ ਗੰਭੀਰ ਜ਼ਖ਼ਮੀ ਹੋ ਗਏ। ਇਸ ਦੌਰਾਨ ਉਨ੍ਹਾਂ ਬੱਚਿਆਂ ਨੂੰ ਬਚਾਅ ਲਿਆ।
ਇਸੇ ਤਰ੍ਹਾਂ ਜ਼ੀਰਕਪੁਰ ਸ਼ਹਿਰ ਵਿੱਚ ਦੀਵਾਲੀ ਵਾਲੀ ਰਾਤ ਪਟਾਕਿਆਂ ਕਾਰਨ ਛੇ ਵਿਅਕਤੀ ਜ਼ਖ਼ਮੀ ਹੋ ਗਏ ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ। ਢਕੋਲੀ ਕਮਿਊਨਿਟੀ ਹੈਲਥ ਸੈਂਟਰ ਤੋਂ ਮਿਲੀ ਜਾਣਕਾਰੀ ਅਨੁਸਾਰ ਦੋ ਬੱਚਿਆਂ ਦੀ ਅੱਖ ਵਿੱਚ ਪਟਾਕਾ ਲੱਗਣ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ ਜਿਨ੍ਹਾਂ ਦਾ ਇਲਾਜ ਕਰਨ ਮਗਰੋਂ ਛੁੱਟੀ ਦੇ ਦਿੱਤੀ ਗਈ ਜਦਕਿ ਬਾਕੀ ਚਾਰ ਜਣਿਆਂ ਵਿੱਚ ਇਕ ਔਰਤ ਅਤੇ ਤਿੰਨ ਪੁਰਸ਼ ਪਟਾਕਿਆਂ ਕਾਰਨ ਜ਼ਖਮੀ ਹੋ ਗਏ ਸਨ। ਸਥਾਨਕ ਫਾਇਰ ਬ੍ਰਿਗੇਡ ਦੇ ਅਮਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਚਾਰ ਥਾਵਾਂ ’ਤੇ ਅੱਗ ਲੱਗ ਗਈ ਜਿਸ ਨੂੰ ਸਮਾਂ ਰਹਿੰਦੇ ਕਾਬੂ ਕਰ ਲਿਆ ਗਿਆ।