ਡਾ. ਹਿਮਾਂਸ਼ੂ ਸੂਦ
ਫ਼ਤਹਿਗੜ੍ਹ ਸਾਹਿਬ, 13 ਨਵੰਬਰ
ਰਿਮਟ ਯੂਨੀਵਰਸਿਟੀ ਦੀ ਲੇਬਰ ਕਲੋਨੀ ਵਿੱਚ ਰਹਿੰਦੇ ਇਕ ਪਰਵਾਸੀ ਮਿਸਤਰੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਆਪਣੇ ਹੀ ਭਰਾ ਦਾ ਕਤਲ ਕਰ ਦਿੱਤਾ। ਇਸ ਮਾਮਲੇ ਵਿੱਚ ਪੁਲੀਸ ਨੇ ਮੁਲਜ਼ਮ ਤੇ ਮ੍ਰਿਤਕ ਦੇ ਤੀਜੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਥਾਣਾ ਸਰਹਿੰਦ ਦੀ ਪੁਲੀਸ ਨੇ ਕਤਲ ਕੇਸ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ। ਥਾਣਾ ਸਰਹਿੰਦ ਦੇ ਮੁਖੀ ਬਲਵੀਰ ਸਿੰਘ ਨੇ ਦੱਸਿਆ ਕਿ ਲਖਨ ਮਹਾਤੋ ਵਾਸੀ ਪਿੰਡ ਪਟਾਰਾ, ਜ਼ਿਲ੍ਹਾ ਕਠਿਆਰ (ਬਿਹਾਰ) ਹਾਲ ਵਾਸੀ ਲੇਬਰ ਕੁਆਰਟਰ, ਰਿਮਟ ਯੂਨੀਵਰਸਿਟੀ ਦੇ ਬਿਆਨਾਂ ’ਤੇ ਪੁਲੀਸ ਨੇ ਇਹ ਕੇਸ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ। ਸਭ ਤੋਂ ਵੱਡਾ ਭਾਗਵਤ ਮਹਾਤੋ ਵਿਆਹਿਆ ਹੋਇਆ ਹੈ ਜਦਕਿ ਸਭ ਤੋਂ ਛੋਟਾ ਆਦਿੱਤਿਆ ਮਹਾਤੋ ਅਣਵਿਆਹਿਆ ਹੈ। ਭਾਗਵਤ ਮਹਾਤੋ ਵੀ ਰਾਜ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਉਹ ਵੀ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਹੈ। ਬੀਤੇ ਦਿਨ ਭਾਗਵਤ ਮਹਾਤੋ ਉਸ ਨੂੰ ਮਿਲਣ ਲਈ ਆਇਆ ਹੋਇਆ ਸੀ। ਰਾਤ ਕਰੀਬ 8 ਵਜੇ ਜਦੋਂ ਉਹ ਅਤੇ ਉਸ ਦਾ ਭਰਾ ਘਰ ਅੰਦਰ ਬੈਠੇ ਖਾਣਾ ਖਾ ਰਹੇ ਸੀ ਤਾਂ ਕੁਝ ਸਮੇਂ ਬਾਅਦ ਨਾਲ ਵਾਲੇ ਕਮਰੇ ਵਿੱਚ ਰਹਿੰਦੇ ਉਨ੍ਹਾਂ ਦੇ ਤੀਜੇ ਭਰਾ ਆਦਿੱਤਿਆ ਮਹਾਤੋ ਨੇ ਉਨ੍ਹਾਂ ਦੇ ਕਮਰੇ ਅੱਗੇ ਆ ਕੇ ਭਾਗਵਤ ਮਹਾਤੋ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਜਦੋਂ ਉਹ ਬਾਹਰ ਨਿਕਲੇ ਤਾਂ ਆਦਿੱਤਿਆ ਮਹਾਤੋ ਨੇ ਭਾਗਵਤ ਮਹਾਤੋ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ ਅਤੇ ਕਮਰੇ ਦੇ ਬਾਹਰ ਪਈ ਡਾਂਗ ਚੁੱਕ ਕੇ ਭਾਗਵਤ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਭਾਗਵਤ ਮਹਾਤੋ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਹਸਪਤਾਲ ਲਜਿਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਲਖਨ ਮਹਾਤੋ ਦੇ ਬਿਆਨਾਂ ’ਤੇ ਆਦਿੱਤਿਆ ਮਹਾਤੋ ਖ਼ਿਲਾਫ਼ ਥਾਣਾ ਸਰਹਿੰਦ ਵਿੱਚ ਕੇਸ ਦਰਜ ਕਰ ਕੇ ਆਦਿੱਤਿਆ ਮਹਾਤੋ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੋਂ ਅਦਾਲਤ ਨੇ ਉਸ ਦਾ ਦੋ ਦਿਨ ਦਾ ਪੁਲੀਸ ਰਿਮਾਂਡ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਹੈ।