ਨਿੱਜੀ ਪੱਤਰ ਪ੍ਰੇਰਕ
ਨਾਭਾ, 17 ਨਵੰਬਰ
ਸਿਨੇਮਾ ਰੋਡ ’ਤੇ ਲੋਕਾਂ ਵੱਲੋਂ ਖੰਭੇ ਨਾਲ ਬੰਨ੍ਹ ਕੇ ਕੀਤੀ ਝਪਟਮਾਰ ਦੀ ਕੁੱਟਮਾਰ ਤੋਂ ਦੋ ਦਿਨ ਬਾਅਦ ਹੀ ਮਾਡਲ ਹਾਈ ਸਕੂਲ ਦੇ ਨੇੜੇ ਬਿਰਧ ਮਹਿਲਾ ਤੋਂ ਦੋ ਝਪਟਮਾਰ ਪਰਸ ਖੋਹ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਪੀੜਤ ਪਰਮਜੀਤ ਕੌਰ ਬੈਂਕ ਵਿੱਚੋਂ 16 ਹਜ਼ਾਰ ਰੁਪਏ ਨਕਦ ਕੱਢਵਾ ਕੇ ਰਿਕਸ਼ਾ ਰਾਹੀਂ ਘਰ ਪਹੁੰਚੀ ਤਾਂ ਝਪਟਮਾਰ ਉਨ੍ਹਾਂ ਕੋਲੋਂ ਘਰ ਦਾ ਗੇਟ ਨੇੜਿਉਂ ਪਰਸ ਖੋਹ ਕੇ ਲੈ ਗਏ। ਇਸ ਘਟਨਾ ਦੀ ਸੀਸੀਟੀਵੀ ਰਿਕਾਰਡਿੰਗ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਕਿਸ ਤਰਾਂ ਬਜ਼ੁਰਗ ਮਹਿਲਾ ਪਰਸ ਬਚਾਉਣ ਲਈ ਸੰਘਰਸ਼ ਕਰਦੀ ਹੈ ਪਰ ਨੌਜਵਾਨ ਆਪਣੇ ਮਨਸੂਬੇ ਵਿੱਚ ਸਫਲ ਹੋ ਜਾਂਦਾ ਹੈ। ਪਰਸ ਵਿੱਚ ਨਕਦੀ ਸਮੇਤ ਪੈਨ – ਅਧਾਰ ਕਾਰਡ ਤੇ ਘਰ ਦੀਆਂ ਚਾਬੀਆਂ ਸਨ।
ਪੁਲੀਸ ਨੇ ਦੋ ਨਾਮਾਲੂਮ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਕੇ ਮੁਲਜ਼ਮਾਂ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਪੁਲੀਸ ਦਾ ਅੰਦਾਜ਼ਾ ਹੈ ਕਿ ਮੁਲਜ਼ਮ ਪੀੜਤ ਦਾ ਬੈਂਕ ਤੋਂ ਹੀ ਪਿੱਛਾ ਕਰ ਰਹੇ ਸਨ।