ਹੈਦਰਾਬਾਦ, 17 ਨਵੰਬਰ
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਇੱਥੇ ਕਿਹਾ ਕਿ ਤਿਲੰਗਾਨਾ ਵਿਧਾਨ ਸਭਾ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਲਈ ਸਮਰਥਨ ਦਾ ‘ਤੂਫ਼ਾਨ’ ਆਉਣ ਵਾਲਾ ਹੈ ਅਤੇ ਸੂਬੇ ਵਿੱਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਬੁਰੀ ਤਰ੍ਹਾਂ ਹਾਰੇਗੀ।
ਖਾਮਮ ਜ਼ਿਲ੍ਹੇ ਦੇ ਪਿਨਾਪਾਕਾ ਵਿੱਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਨੇ ਦੋਸ਼ ਲਾਇਆ ਕਿ ਬੀਆਰਐੱਸ ਦਾ ਭ੍ਰਿਸ਼ਟਾਚਾਰ ਪੂਰੇ ਸੂਬੇ ਵਿੱਚ ਦੇਖਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਪਹਿਲਾਂ ਉਦੇਸ਼ ‘ਤਿਲੰਗਾਨਾ ਵਿੱਚ ਲੋਕਾਂ ਦੀ ਸਰਕਾਰ ਬਣਾਉਣਾ’ ਅਤੇ ਇਸ ਮਗਰੋਂ ਕੇਂਦਰ ਵਿੱਚ ਨਰਿੰਦਰ ਮੋਦੀ ਸਰਕਾਰ ਨੂੰ ‘ਸੱਤਾ ਤੋਂ ਹਟਾਉਣਾ’ ਹੈ।
ਰਾਹੁਲ ਨੇ ਕਿਹਾ, ‘‘ਕੇਸੀਆਰ ਨੂੰ ਪਤਾ ਲੱਗ ਗਿਆ ਹੈ ਕਿ ਤਿਲੰਗਾਨਾ ਵਿੱਚ ਕਾਂਗਰਸ ਦਾ ‘ਤੂਫ਼ਾਨ’ ਆਉਣ ਵਾਲਾ ਹੈ… ਅਜਿਹਾ ਤੂਫ਼ਾਨ ਆਉਣ ਵਾਲਾ ਹੈ ਕਿ ਕੇਸੀਆਰ ਅਤੇ ਉਨ੍ਹਾਂ ਦੀ ਪਾਰਟੀ ਤਿਲੰਗਾਨਾ ਵਿੱਚ ਨਜ਼ਰ ਨਹੀਂ ਆਵੇਗੀ।’’ ਉਨ੍ਹਾਂ ਕਿਹਾ, ‘‘ਮੁੱਖ ਮੰਤਰੀ (ਕੇ. ਚੰਦਰਸ਼ੇਖਰ ਰਾਓ) ਪੁੱਛਦੇ ਹਨ ਕਿ ਕਾਂਗਰਸ ਪਾਰਟੀ ਨੇ ਕੀ ਕੀਤਾ ਹੈ? ਮੁੱਖ ਮੰਤਰੀ ਸਾਹਬ, ਜਿਸ ਸਕੂਲ ਅਤੇ ਕਾਲਜ ਵਿੱਚ ਤੁਸੀਂ ਪੜ੍ਹਾਈ ਕੀਤੀ, ਉਸ ਨੂੰ ਕਾਂਗਰਸ ਨੇ ਬਣਾਇਆ। ਜਿਨ੍ਹਾਂ ਸੜਕਾਂ ’ਤੇ ਤੁਸੀਂ ਯਾਤਰਾ ਕਰਦੇ ਹੋ, ਉਹ ਸੜਕਾਂ ਕਾਂਗਰਸ ਨੇ ਬਣਾਈਆਂ ਹਨ।’’
ਰਾਹੁਲ ਨੇ ਕਿਹਾ ਕਿ ਕਾਂਗਰਸ ਨੇ ਤਿਲੰਗਾਨਾ ਵਿੱਚ ਨੌਜਵਾਨਾਂ ਦੇ ਹੱਕ ਵਿੱਚ ਵਿਕਾਸ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਹੀ ਸੀ, ਜਿਸ ਨੇ ਤਿਲੰਗਾਨਾ ਸੂਬਾ ਬਣਾਉਣ ਦਾ ਵਾਅਦਾ ਪੂਰਾ ਕੀਤਾ ਅਤੇ ਹੈਦਰਾਬਾਦ ਨੂੰ ‘ਦੁਨੀਆ ਦੀ ਆਈਟੀ ਰਾਜਧਾਨੀ’ ਬਣਾਇਆ। ਉਨ੍ਹਾਂ ਕਿਹਾ, ‘‘ਮੁਕਾਬਲਾ ‘ਦੋਰਾਲਾ’ (ਜਾਗੀਰਦਾਰ) ਤਿਲੰਗਾਨਾ ਅਤੇ ‘ਪ੍ਰਜਾਲਾ’ (ਲੋਕਾਂ) ਤਿਲੰਗਾਨਾ ਦਰਮਿਆਨ ਹੈ।’’ ਉਨ੍ਹਾਂ ਦੋਸ਼ ਲਾਇਆ ਕਿ ਸ਼ਰਾਬ ਅਤੇ ਰੇਤ ਸਣੇ ਸਾਰੇ ਵਿਭਾਗ ‘ਜਿੱਥੋਂ ਪੈਸਾ ਬਣਦਾ ਹੈ’, ਮੁੱਖ ਮੰਤਰੀ ਦੇ ਪਰਿਵਾਰ ਦੇ ਹੱਥਾਂ ਵਿੱਚ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ ਕਿ ਲੋਕ ਜਦੋਂ ਇੱਕ ਵੱਖਰਾ ਸੂਬਾ ਚਾਹੁੰਦੇ ਸਨ ਉਦੋਂ ਉਨ੍ਹਾਂ ‘ਲੋਕਾਂ ਦੇ ਤਿਲੰਗਾਨਾ’ ਦਾ ਸੁਫ਼ਨਾ ਦੇਖਿਆ ਸੀ ਪਰ ‘ਕੇਸੀਆਰ’ ਸਿਰਫ਼ ਇੱਕ ਪਰਿਵਾਰ ਦੇ ਸੁਫ਼ਨੇ ਨੂੰ ਪੂਰਾ ਕਰ ਰਹੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਬੀਆਰਐੱਸ, ਭਾਜਪਾ ਅਤੇ ਅਸਦੂਦੀਨ ਓਵਾਇਸੀ ਦੀ ਅਗਵਾਈ ਵਾਲੀ ਏਆਈਐੱਮਆਈਐੱਮ ਦੀ ਆਪਸ ’ਚ ਮਿਲੀਭੁਗਤ ਹੈ। ਉਨ੍ਹਾਂ ਚੇਤੇ ਕਰਵਾਇਆ ਕਿ ਬੀਆਰਐੱਸ ਨੇ ਲੋਕ ਸਭਾ ਵਿੱਚ ਨਰਿੰਦਰ ਮੋਦੀ ਸਰਕਾਰ ਦਾ ਸਮਰਥਨ ਕੀਤਾ ਸੀ। ਰਾਹੁਲ ਨੇ ਏਆਈਐੱਮਆਈਐੱਮ ’ਤੇ ਭਾਜਪਾ ਦੀ ਮਦਦ ਕਰਵਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਜਿੱਥੇ ਵੀ ਕਾਂਗਰਸ ਚੋਣਾਂ ਲੜਦੀ ਹੈ, ਉੱਥੇ ਉਹ (ਏਆਈਐੱਮਆਈਐੱਮ) ਆਪਣੇ ਉਮੀਦਵਾਰ ਉਤਾਰਦੀ ਹੈ। ਉਨ੍ਹਾਂ ਕਿਹਾ ਕਿ ਚੋਣ ਮੁਕਾਬਲਾ ਕਾਂਗਰਸ ਅਤੇ ਬੀਆਰਐੱਸ ਵਿਚਾਲੇ ਹੈ। ਰਾਹੁਲ ਨੇ ਕਿਹਾ ਕਿ ਏਆਈਐੱਮਆਈਐੱਸ ਅਤੇ ਭਾਜਪਾ ਚੋਣਾਂ ਵਿੱਚ ਬੀਆਰਐੱਸ ਦੀ ਮਦਦ ਕਰ ਰਹੀ ਹੈ।
ਤਿਲੰਗਾਨਾ ਦੇ ਲੋਕਾਂ ਲਈ ਕਾਂਗਰਸ ਦੀਆਂ ਛੇ ਗਾਰੰਟੀਆਂ ਦੇ ਵਾਅਦੇ ’ਤੇ ਉਨ੍ਹਾਂ ਕਿਹਾ ਕਿ ਇਹ ਕੇਸੀਆਰ ਅਤੇ ਨਰਿੰਦਰ ਮੋਦੀ ਦੇ ਵਾਅਦਿਆਂ ਦੀ ਤਰ੍ਹਾਂ ਖੋਖਲੇ ਨਹੀਂ ਹਨ।
ਕਾਂਗਰਸ ਨੇਤਾ ਨੇ ਕਿਹਾ, ‘‘ਸਾਡਾ ਪਹਿਲਾ ਉਦੇਸ਼ ਤਿਲੰਗਾਨਾ ਵਿੱਚ ਲੋਕਾਂ ਦੀ ਸਰਕਾਰ ਬਣਾਉਣਾ ਹੈ। ਇਸ ਮਗਰੋਂ ਅਸੀਂ ਦਿੱਲੀ (ਕੇਂਦਰ) ਵਿੱਚ ਨਰਿੰਦਰ ਮੋਦੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਦਿਆਂਗੇ।’’ -ਪੀਟੀਆਈ
ਰਾਜਸਥਾਨ ਵਿੱਚ ਭਾਜਪਾ ਖੇਰੂੰ-ਖੇਰੂੰ ਹੋਈ: ਪ੍ਰਿਯੰਕਾ
ਜੈਪੁਰ: ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਰਾਜਸਥਾਨ ਵਿੱਚ ਭਾਜਪਾ ਨੂੰ ਖੇਰੂੰ-ਖੇਰੂੰ ਹੋਈ ਪਾਰਟੀ ਦੱਸਦਿਆਂ ਕਿਹਾ ਕਿ ਇੱਥੋਂ ਦੇ ਵੱਡੇ-ਵੱਡੇ ਨੇਤਾਵਾਂ ਨੂੰ ਕਿਨਾਰੇ ਕਰ ਦਿੱਤਾ ਗਿਆ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਨਾਮ ’ਤੇ ਵੋਟ ਮੰਗ ਰਹੇ ਹਨ। ਪ੍ਰਿਯੰਕਾ ਨੇ ਕਿਹਾ, ‘‘ਭਾਜਪਾ ਖਿੰਡੀ ਹੋਈ ਹੈ, ਉੱਥੇ ਅਸੀਂ ਇੱਕਜੁੱਟ ਹੋ ਕੇ ਲੜ ਰਹੇ ਹਾਂ, ਸਾਡਾ ਇੱਕ-ਇੱਕ ਨੇਤਾ ਤੁਹਾਡੇ ਲਈ ਸਮਰਪਿਤ ਹੈ।’’ ਕਾਂਗਰਸ ਜਨਰਲ ਸਕੱਤਰ ਨੇ ਡੂੰਗਰਪੁਰ ਜ਼ਿਲ੍ਹੇ ਦੇ ਸਾਗਵਾੜਾ ਅਤੇ ਚਿਤੌੜਗੜ੍ਹ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਸਾਗਵਾੜਾ ਵਿੱਚ ਪ੍ਰਿਯੰਕਾ ਨੇ ਕਿਹਾ, ‘‘ਅੱਜ ਜੇਕਰ ਤੁਸੀਂ ਭਾਜਪਾ ਨੂੰ ਦੇਖੋ ਤਾਂ ਇਹ ਰਾਜਸਥਾਨ ਵਿੱਚ ਖੇਰੂੰ-ਖੇਰੂੰ ਹੋਈ ਪਾਰਟੀ ਹੈ। ਉਨ੍ਹਾਂ ਤੋਂ ਪੁੱਛੋ ਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦਾ ਚਿਹਰਾ ਕੌਣ ਹੈ। ਉਹ ਇਸ ਦਾ ਵੀ ਜਵਾਬ ਨਹੀਂ ਦੇ ਸਕਦੇ। ਪ੍ਰਧਾਨ ਮੰਤਰੀ ਮੋਦੀ ਜੀ ਸੂਬੇ ਦੇ ਕੋਨੇ-ਕੋਨੇ ਵਿੱਚ ਘੁੰਮ ਰਹੇ ਹਨ। ਕਦੇ-ਕਦੇ ਲੱਗਦਾ ਹੈ ਕਿ ਉਹ ਆਪਣੇ ਮੁੱਖ ਮੰਤਰੀ ਦਾ ਚਿਹਰਾ ਲੱਭਣ ਨਿਕਲੇ ਹਨ।’’ ਕਾਂਗਰਸ ਨੇਤਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਨੇਤਾਵਾਂ ’ਤੇ ਭਰੋਸਾ ਨਹੀਂ ਹੈ, ਉਹ ਆਪਣੇ ਨਾਮ ’ਤੇ ਵੋਟ ਮੰਗ ਰਹੇ ਹਨ। ਪ੍ਰਿਯੰਕਾ ਨੇ ਕਿਹਾ, ‘‘ਤਾਂ ਤੁਹਾਡਾ ਸੂਬਾ ਚਲਾਵੇਗਾ ਕੌਣ? ਇਸ ਨੂੰ ਚਲਾਉਣ ਲਈ ਮੋਦੀ ਜੀ ਤਾਂ ਦਿੱਲੀ ਤੋਂ ਨਹੀਂ ਆਉਣਗੇ। ਇਸ ਨੂੰ ਚਲਾਉਣ ਲਈ ਰਾਜਸਥਾਨ ਦਾ ਕੋਈ ਬੰਦਾ ਚਾਹੀਦਾ ਹੈ। ਉਨ੍ਹਾਂ ਨੇ ਵੱਡੇ-ਵੱਡੇ ਨੇਤਾਵਾਂ ਨੂੰ ਲਾਂਭੇ ਕਰ ਦਿੱਤਾ ਹੈ। ਉਹ ਆਪਣੇ ਨਾਂ ’ਤੇ ਵੋਟ ਮੰਗ ਰਹੇ ਹਨ।’’ ਪ੍ਰਿਯੰਕਾ ਨੇ ਆਪਣੇ ਸੰਬੋਧਨ ਦੌਰਾਨ ਗਾਇਤਰੀ ਮੰਤਰ ਦਾ ਪਾਠ ਵੀ ਕੀਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਇਹ ਆਪਣੀ ਦਾਦੀ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਸਿੱਖਿਆ ਸੀ ਅਤੇ ਆਪਣੇ ਬੱਚਿਆਂ ਨੂੰ ਵੀ ਸਿਖਾਇਆ ਹੈ। ਚਿਤੌੜਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਿਯੰਕਾ ਨੇ ਕਿਹਾ ਕਿ ਰਾਜਸਥਾਨ ਵਿੱਚ ਸਾਡੀ ਸਰਕਾਰ ਨੇ ਬਹੁਤ ਕੰਮ ਕੀਤੇ ਹਨ ਅਤੇ ਉਹ ਇਨ੍ਹਾਂ ਕੰਮਾਂ ਨੂੰ ਰੋਕਣਾ ਨਹੀਂ ਚਾਹੁੰਦੇ ਹਨ। ਇਸ ਮੌਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵੀ ਹਾਜ਼ਰ ਸਨ। -ਪੀਟੀਆਈ