ਟ੍ਰਿਬਿਊਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 17 ਨਵੰਬਰ
ਸਥਾਨਕ ਪੁਤਲੀਘਰ ਇਲਾਕੇ ਵਿੱਚ ਆਜ਼ਾਦ ਨਗਰ ਦੀ ਟਾਵਰ ਵਾਲੀ ਗਲੀ ਵਿੱਚ ਸੀਵਰੇਜ ਪਾਈਪਾਂ ਸਾਫ਼ ਕਰਨ ਦੇ ਮਾਮਲੇ ਤੋਂ ਹੋਇਆ ਵਿਵਾਦ ਉਸ ਸਮੇਂ ਭਖ਼ ਗਿਆ ਜਦੋਂ ‘ਆਪ’ ਆਗੂ ਡਿੰਪਲ ਅਰੋੜਾ ਦੇ ਭਰਾ ਅਮਨ ਉਰਫ਼ ਰਿੰਕੂ ਅਰੋੜਾ (48) ’ਤੇ ਕੁਝ ਵਿਅਕਤੀਆਂ ਨੇ ਕਥਿਤ ਤੌਰ ’ਤੇ ਗੋਲੀ ਚਲਾ ਦਿੱਤੀ। ਪੱਟ ’ਤੇ ਗੋਲੀ ਲੱਗਣ ਕਾਰਨ ਜ਼ਖ਼ਮੀ ਅਮਨ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ‘ਆਪ’ ਆਗੂ ਡਿੰਪਲ ਅਰੋੜਾ ਨੇ ਸਾਬਕਾ ਕਾਂਗਰਸੀ ਕੌਂਸਲਰ ਤੇ ਉਸ ਦੇ ਪੁੱਤਰ ਸਣੇ ਕਈ ਹੋਰ ਵਿਅਕਤੀਆਂ ’ਤੇ ਉਸ ਦੇ ਭਰਾ ’ਤੇ ਗੋਲੀ ਚਲਾਉਣ ਦਾ ਦੋਸ਼ ਲਗਾਇਆ ਹੈ।
‘ਆਪ’ ਆਗੂ ਨੇ ਪੁਲੀਸ ਨੂੰ ਦੱਸਿਆ ਕਿ ਉਹ ਆਜ਼ਾਦ ਨਗਰ ਇਲਾਕੇ ’ਚ ਸੀਵਰੇਜ ਦੀ ਸਫ਼ਾਈ ਲਈ ਕਰਵਾ ਰਹੇ ਸਨ। ਇਸ ਦੌਰਾਨ ਸਾਬਕਾ ਕਾਂਗਰਸੀ ਕੌਂਸਲਰ, ਉਸ ਦਾ ਪੁੱਤਰ ਤੇ ਹੋਰ ਵੀ ਪਹੁੰਚ ਗਏ ਤੇ ਡੀ-ਸਿਲਟਿੰਗ ਮਸ਼ੀਨ ਨੂੰ ਲਜਿਾਣ ਦੀ ਕੋਸ਼ਿਸ਼ ਕੀਤੀ, ਇਸ ’ਤੇ ਝੜਪ ਹੋ ਗਈ। ਇਸ ਦੌਰਾਨ ਕਾਂਗਰਸੀ ਆਗੂ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ। ਉਸ ਨੇ ਦੋਸ਼ ਲਾਇਆ ਕਿ ਇਸ ਵਿਵਾਦ ਦੌਰਾਨ ਕਾਂਗਰਸੀਆਂ ਨੇ ਉਸ ਦੇ ਭਰਾ ਦੇ ਪੱਟ ’ਤੇ ਗੋਲੀ ਮਾਰੀ।
ਦੂਜੇ ਪਾਸੇ, ਕਾਂਗਰਸੀ ਆਗੂ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਇਹ ਡਿੰਪਲ ਅਤੇ ਉਸ ਦੇ ਭਰਾ ਨੇ ਕਾਂਗਰਸੀ ਸਮਰਥਕਾਂ ’ਤੇ ਹਮਲਾ ਕੀਤਾ ਹੈ, ਜੋ ਸਿਲਟਿੰਗ ਦਾ ਕੰਮ ਕਰਵਾ ਰਹੇ ਸਨ। ਅਮਨ ਤੇ ਉਸ ਦੇ ਸਮਰਥਕਾਂ ਨੇ ਹਰਮਨ ਅਤੇ ਹੋਰਨਾਂ ’ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਹਰਮਨ ਨੇ ਆਪਣੀ ਰੱਖਿਆ ਵਿੱਚ ਹਵਾ ਅਤੇ ਜ਼ਮੀਨ ’ਤੇ ਗੋਲੀ ਚਲਾਈ। ਉਸ ਨੇ ਦਾਅਵਾ ਕੀਤਾ ਕਿ ਅਮਨ ਨੂੰ ਗੋਲੀ ਨਹੀਂ ਲੱਗੀ।
ਥਾਣਾ ਛਾਉਣੀ ਦੇ ਐੱਸਐੱਚਓ ਸੁਖਿੰਦਰ ਸਿੰਘ ਨੇ ਦੱਸਿਆ ਕਿ ਕਾਂਗਰਸੀ ਆਗੂ ਸੁਰਿੰਦਰ ਚੌਧਰੀ, ਪਵਨ ਚੌਧਰੀ, ਹਰਮਨ ਅਤੇ ਸੋਨੂੰ ਬੇਦੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ ਤੇ ਹਰਮਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।