ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 18 ਨਵੰਬਰ
ਆਰੀਆ ਕੰਨਿਆ ਕਾਲਜ ਵਿੱਚ ਕਰੀਅਰ ਐਂਡ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਤੇ ਆਈਆਈਟੀ ਕਾਨਪੁਰ ਦੇ ਸਾਂਝੇ ਉਪਰਾਲੇ ਨਾਲ ‘ਸੈਲਫ ਅਸੈਸਮੈਂਟ, ਟੈਸਟ ਤੇ ਹੈਲਪ ਫਾਰ ਐਂਟਰੈਸ ਪ੍ਰੀਖਿਆ’ ਵਿਸ਼ੇ ’ਤੇ ਇਕ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ਵਿਚ ਬੁਲਾਰਿਆਂ ਨੇ ਸਾਥੀ ਐਪ ਬਾਰੇ ਦੱਸਿਆ ਕਿ ਇਹ ਆਈਟੀਆਈ ਕਾਨਪੁਰ ਦੀ ਪਰੂਟਰ ਕੰਪਨੀ ਵਲੋਂ ਬਣਾਈ ਗਈ ਹੈ ਤੇ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਤਹਿਤ ਕੰਮ ਕਰ ਰਹੀ ਹੈ। ਵਰਕਸ਼ਾਪ ਵਿਚ ਮੁੱਖ ਬੁਲਾਰੇ ਦੀ ਭੂਮਿਕਾ ਡਾ. ਸ਼ਿਵਾਨੀ ਕੋਹਲੀ ਅਨੰਦ ਆਈਆਈਟੀ ਕਾਨਪੁਰ ਨੇ ਨਿਭਾਈ। ਵਰਕਸ਼ਾਪ ਦਾ ਸ਼ੁਭ ਆਰੰਭ ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਵਲੋਂ ਮੁੱਖ ਬੁਲਾਰੇ ਨੂੰ ਯਾਦਗਾਰੀ ਚਿੰਨ੍ਹ ਭੇਟ ਕਰ ਕੇ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥਣਾਂ ਨੂੰ ਕਈ ਤਰ੍ਹਾਂ ਦੀਆਂ ਮੁਕਾਬਲਿਆਂ ਵਾਲੀਆਂ ਪ੍ਰੀਖਿਆਵਾਂ ਦੀ ਤਿਆਰੀ ਕਰਨ ਵਿਚ ਮਦਦ ਕਰੇਗੀ, ਜੋ ਕਿ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਵਿਦਿਆਰਥਣਾਂ ‘ਸਾਥੀ’ ਐਪ ਦੇ ਰਾਹੀਂ ਮੁਫਤ ਕੋਚਿੰਗ ਲੈ ਕੇ ਆਪਣੀ ਫੀਸ ਬਚਾਅ ਸਕਦੀਆਂ ਹਨ। ਉਨ੍ਹਾਂ ਨੇ ਇਸ ਵਰਕਸ਼ਾਪ ਦੇ ਆਯੋਜਨ ਲਈ ਸੈੱਲ ਦੇ ਸਾਰੇ ਮੈਂਬਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੰਚ ਸੰਚਾਲਨ ਸ਼ਿਵਾਨੀ ਸ਼ਰਮਾ ਨੇ ਕੀਤਾ। ਡਾ. ਸ਼ਿਵਾਨੀ ਕੋਹਲੀ ਨੇ ਵਿਦਿਆਰਥਣਾਂ ਨੂੰ ਚੰਗੇ ਢੰਗ ਨਾਲ ਮਿਸਾਲਾਂ ਦੇ ਕੇ ਕਰੀਅਰ ਵਿਚ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ‘ਸਾਥੀ’ ਐਪ ਪ੍ਰਯੋਗ ਕਰ ਕੇ ਉਹ ਮੁਕਾਬਲਿਆਂ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਕਰ ਸਕਦੀਆਂ ਹਨ ਤੇ ਇਸ ਐਪ ਰਾਹੀਂ ਉਹ ਚੰਗੀ ਕਮਾਈ ਵੀ ਕਰ ਸਕਦੀਆਂ ਹਨ ਕਿਉਂਕਿ ਇਸ ਐਪ ਰਾਹੀਂ ਉਹ ਇੰਟਰਨਰਸ਼ਿਪ ਵੀ ਕਰ ਸਕਦੀਆਂ ਹਨ। ਵਰਕਸ਼ਾਪ ਵਿਚ ਬੀਕਾਮ ਪਹਿਲੇ ਸਾਲ ਦੀਆਂ 90 ਵਿਦਿਆਰਥਣਾਂ ਨੇ ਹਿੱਸਾ ਲਿਆ।