ਨਵੀਂ ਦਿੱਲੀ, 18 ਨਵੰਬਰ
ਯੋਜਨਾਬੰਦੀ ਪ੍ਰਦਰਸ਼ਨ ਸੂਚੀ (ਐੱਲਪੀਆਈ) ਰੈਂਕਿੰਗ ਵਿੱਚ ਭਾਰਤ ਦਾ ਪੱਧਰ ਉੱਚਾ ਚੁੱਕਣ ਲਈ ਕੀਤੇ ਜਾਣ ਵਾਲੇ ਯਤਨਾਂ ਅਤੇ ਕਾਰਜ ਯੋਜਨਾ ਬਾਰੇ ਅੱਜ ਇੰਡਸਟਰੀ, ਰੇਲਵੇ ਤੇ ਬੰਦਰਗਾਹ ਪ੍ਰਬੰਧਨ ਸਣੇ 11 ਮੰਤਰਾਲਿਆਂ ਤੇ ਵਿਭਾਗਾਂ ਵੱਲੋਂ ਚਰਚਾ ਕੀਤੀ ਗਈ। ਸਨਅਤਾਂ ਤੇ ਅੰਦਰੂਨੀ ਵਪਾਰ ਪ੍ਰਮੋੋਸ਼ਨ ਵਿਭਾਗ ਦੀ ਵਿਸ਼ੇਸ਼ ਸਕੱਤਰ (ਲੌਜਿਸਟਿਕਸ) ਸੁਮਿਤਾ ਡਾਵਰਾ ਨੇ ਦੱਸਿਆ ਕਿ ਦੇਸ਼ ਦੀ ਲੌਜਿਸਟਿਕ (ਯੋਜਨਾਬੰਦੀ) ’ਚ ਸੁਧਾਰ ਅਤੇ ਵਿਸ਼ਵ ਬੈਂਕ ਐੱਲਪੀਆਈ ਵਿੱਚ ਭਾਰਤ ਦੀ ਰੈਂਕਿੰਗ ਵਿੱਚ ਸੁਧਾਰ ਲਈ ਮਿੱਥੀ ਹੋਈ ਕਾਰਜ ਯੋਜਨਾ ਬਣਾਉਣੀ ਲਾਜ਼ਮੀ ਹੈ।
ਉਨ੍ਹਾਂ ਕਿਹਾ ਕਿ ਸਬੰਧਤ ਮੰਤਰਾਲਿਆਂ ਤੇ ਵਿਭਾਗਾਂ ਵੱਲੋਂ ਇਸ ਸਬੰਧ ’ਚ ਚੁੱਕੇ ਗਏ ਕਦਮਾਂ ਬਾਰੇ ਵਿਸ਼ਵ ਬੈਂਕ ਐੱਲਪੀਆਈ ਟੀਮ ਨੂੰ ਸੂਚਿਤ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੁਨਿਆਦੀ ਢਾਂਚੇ, ਦਰਾਮਦ ਵਿਵਸਥਾ ’ਚ ਸੁਧਾਰ, ਰਸਦ ਸੇਵਾਵਾਂ ਦੀ ਗੁਣਵੱਤਾ ਅਤੇ ਨਿਗਰਾਨੀ ਤੇ ਸਮਾਂਬੱਧਤਾ ਸਣੇ ਐੱਲਪੀਆਈ ਦੇ ਛੇ ਮਾਪਦੰਡਾਂ ਦੇ ਪ੍ਰਦਰਸ਼ਨ ’ਚ ਸੁਧਾਰ ਲਈ ਕੀਤੇ ਗਏ ਯਤਨਾਂ ਤੇ ਇਨ੍ਹਾਂ ਦੇ ਨਤੀਜਿਆਂ ਬਾਰੇ ਚਰਚਾ ਕਰਨ ਲਈ ਸਬੰਧਤ ਮੰਤਰਾਲਿਆਂ ਵੱਲੋਂ ਹਰ 15 ਦਿਨਾਂ ਬਾਅਦ ਮੀਟਿੰਗ ਕੀਤੀ ਜਾਂਦੀ ਹੈ। -ਪੀਟੀਆਈ