ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਨਵੰਬਰ
ਲੁਧਿਆਣਾ ’ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਸਬੰਧੀ ਕਰਵਾਏ ਸਮਾਗਮ ਦੀ ਕਵਰੇਜ ਕਰਨ ਆਈ ਇਕ ਟੀਵੀ ਚੈਨਲ ਦੀ ਪੱਤਰਕਾਰ ਭਾਵਨਾ ਗੁਪਤਾ, ਕੈਮਰਾਮੈਨ ਮ੍ਰਿਤੁਯੰਜੈ ਅਤੇ ਉਨ੍ਹਾਂ ਦੇ ਸਾਥੀ ਪਰਮਿੰਦਰ ਸਿੰਘ ਖ਼ਿਲਾਫ਼ ਇੱਕ ਨੂੰ ਗੱਡੀ ਨਾਲ ਟੱਕਰ ਮਾਰਨ ਤੇ ਜਾਤੀਸੂਚਕ ਸ਼ਬਦ ਬੋਲਣ ਦੇ ਮਾਮਲੇ ਵਿਚ ਦਰਜ ਐਫਆਈਆਰ ਹਾਈ ਕੋਰਟ ਨੇ ਰੱਦ ਕਰਨ ਹੁਕਮ ਦਿੱਤੇ ਹਨ। ਹਾਈ ਕੋਰਟ ਨੇ ਆਖਿਆ ਕਿ ਇਸ ਮਾਮਲੇ ਵਿੱਚ ਮੁਲਜ਼ਮਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਪਰ ਇਸ ਦੇ ਬਾਵਜੂਦ ਕੈਮਰਾਮੈਨ ਨੂੰ ਜੇਲ੍ਹ ਵੀ ਜਾਣਾ ਪਿਆ।
ਪਿਛਲੇ ਦਿਨੀਂ ਹਾਈ ਕੋਰਟ ਦੇ ਜਸਟਿਸ ਅਨੂਪ ਚਿੱਤਕਾਰਾ ਨੇ ਐਫਆਈਆਰ ਰੱਦ ਕਰਨ ਦੇ ਹੁਕਮ ਕਰਦਿਆਂ ਆਖਿਆ ਕਿ ਇਸ ਮਾਮਲੇ ਵਿੱਚ ਪਟੀਸ਼ਨਰ ਨੂੰ ਮੁਲਜ਼ਮ ਬਣਾ ਕੇ ਜੇਲ੍ਹ ਭੇਜਿਆ ਗਿਆ ਪਰ ਨਾ ਤਾਂ ਉਨ੍ਹਾਂ ਖ਼ਿਲਾਫ਼ ਕੋਈ ਸਬੂਤ ਮਿਲੇ ਤੇ ਨਾ ਹੀ ਉਨ੍ਹਾਂ ਦੀ ਕੋਈ ਸ਼ਮੂਲੀਅਤ ਸਾਹਮਣੇ ਆਈ। ਜਾਣਕਾਰੀ ਅਨੁਸਾਰ ਥਾਣਾ ਡਿਵੀਜ਼ਨ ਨੰਬਰ 3 ਵਿੱਚ 5 ਮਈ ਨੂੰ ਇਕ ਔਰਤ ਦੀ ਸ਼ਿਕਾਇਤ ’ਤੇ ਟੀਵੀ ਪੱਤਰਕਾਰ ਭਾਵਨਾ ਗੁਪਤਾ, ਉਸ ਦੇ ਕੈਮਰਾਮੈਨ ਮ੍ਰਿਤੁਯੰਜੈ ਤੇ ਪਰਮਿੰਦਰ ਸਿੰਘ ਖ਼ਿਲਾਫ਼ ਕਾਰ ਨਾਲ ਟੱਕਰ ਮਾਰਨ ਤੇ ਜਾਤੀਸੂਚਕ ਸ਼ਬਦ ਬੋਲਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਉਧਰ, ਥਾਣਾ ਡਿਵੀਜ਼ਨ ਨੰਬਰ 3 ਦੇ ਵਧੀਕ ਐਸਐਚਓ ਦੇਸਰਾਜ ਦਾ ਕਹਿਣਾ ਕਿ ਮਾਮਲੇ ਵਿੱਚ ਜੋ ਵੀ ਹਾਈ ਕੋਰਟ ਨੇ ਹੁਕਮ ਦਿੱਤੇ ਹਨ ਉਨ੍ਹਾਂ ਦੀ ਕਾਪੀ ਥਾਣੇ ਨਹੀਂ ਪੁੱਜੀ ਪਰ ਜਦੋਂ ਵੀਹੁਕਮ ਮਿਲਣਗੇ ਉਸ ਦੀ ਪਾਲਣਾ ਕੀਤੀ ਜਾਏਗੀ।