ਹਤਿਦਰ ਮਹਿਤਾ
ਜਲੰਧਰ, 20 ਨਵੰਬਰ
ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਸਾਬਕਾ ਜੇਤੂ ਸਰਕਾਰੀ ਮਾਡਲ ਸਕੂਲ ਜਲੰਧਰ ਨੇ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਨੂੰ 5-3 ਨਾਲ ਹਰਾ ਕੇ ਤਿੰਨ ਅੰਕ ਹਾਸਲ ਕਰਦੇ ਹੋਏ ਜੇਤੂ ਸ਼ੁਰੂਆਤ ਕੀਤੀ। ਸਰਕਾਰੀ ਮਾਡਲ ਸਕੂਲ ਜਲੰਧਰ ਦੇ ਰਜਿੰਦਰ ਸਿੰਘ ਨੇ ਟੂਰਨਾਮੈਂਟ ਦੀ ਦੂਜੀ ਹੈਟ੍ਰਿਕ ਕੀਤੀ। ਸੋਨੀਪਤ ਦੇ ਰਵੀ ਨੇ ਟੂਰਨਾਮੈਂਟ ਦੀ ਤੀਜੀ ਹੈਟ੍ਰਿਕ ਕੀਤੀ।
ਦੂਜੇ ਦਿਨ ਦਾ ਪਹਿਲਾ ਮੈਚ ਪੂਲ ‘ਬੀ’ ਵਿੱਚ ਆਰਮੀ ਬੁਆਏਜ਼ ਸਪੋਰਟਸ ਕੰਪਨੀ ਬੈਂਗਲੂਰੂ ਅਤੇ ਗੁਰੂ ਗੋਬਿੰਦ ਸਿੰਘ ਸਪੋਰਟਸ ਕਾਲਜ ਲਖਨਊ ਦਰਮਿਆਨ ਖੇਡਿਆ ਗਿਆ। ਗੁਰੂ ਗੋਬਿੰਦ ਸਿੰਘ ਕਾਲਜ ਲਖਨਊ ਵਲੋਂ ਖੇਡ ਦੇ 12ਵੇਂ ਮਿੰਟ ਵਿੱਚ ਰੀਤਿਕ ਰਾਠੀ ਨੇ, 52ਵੇਂ ਅਤੇ 56ਵੇਂ ਮਿੰਟ ਵਿੱਚ ਰਾਹੁਲ ਰਾਜਭਰ ਨੇ ਗੋਲ ਕੀਤੇ ਜਦਕਿ ਬੈਂਗਲੂਰੂ ਵੱਲੋਂ 15ਵੇਂ ਮਿੰਟ ਵਿੱਚ ਹਰਪਾਲ ਨੇ, 29ਵੇਂ ਮਿੰਟ ਵਿੱਚ ਅੰਕਿਤ ਨੇ ਤੇ 43ਵੇਂ ਮਿੰਟ ਵਿੱਚ ਸੰਚਿਤ ਹੋਰੋ ਨੇ ਗੋਲ ਕੀਤੇ। ਆਰਮੀ ਬੁਆਏਜ਼ ਦੇ ਸੰਚਿਤ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਦੂਜਾ ਮੈਚ ਪੂਲ ‘ਏ’ ਵਿੱਚ ਸਰਕਾਰੀ ਮਾਡਲ ਸਕੂਲ ਜਲੰਧਰ ਅਤੇ ਡਿਵਾਈਨ ਪਬਲਿਕ ਸਕੂਲ ਸ਼ਾਹਬਾਦ ਮਾਰਕੰਡਾ ਦਰਮਿਆਨ ਖੇਡਿਆ ਗਿਆ। ਡਿਵਾਈਨ ਪਬਲਿਕ ਸਕੂਲ ਵੱਲੋਂ ਚੌਥੇ ਮਿੰਟ ਵਿੱਚ ਅਮਨਦੀਪ ਸਿੰਘ ਨੇ, 28ਵੇਂ ਮਿੰਟ ਵਿੱਚ ਸੁਨੀਲ ਮਾਨ ਨੇ ਅਤੇ 58ਵੇਂ ਮਿੰਟ ਵਿੱਚ ਆਗਿਆਪਾਲ ਨੇ ਗੋਲ ਕੀਤੇ ਜਦਕਿ ਜਲੰਧਰ ਵਲੋਂ ਖੇਡ ਦੇ 12ਵੇਂ ਮਿੰਟ ਵਿੱਚ ਰਜਿੰਦਰ ਸਿੰਘ ਨੇ, 15ਵੇਂ ਮਿੰਟ ਵਿੱਚ ਗੁਰਪ੍ਰੀਤ ਸਿੰਘ ਨੇ, 20ਵੇਂ ਅਤੇ 31ਵੇਂ ਤੇ 44ਵੇਂ ਮਿੰਟ ਵਿੱਚ ਰਜਿੰਦਰ ਸਿੰਘ ਨੇ ਗੋਲ ਕਰ ਕੇ ਸਕੋਰ 5-3 ਕਰ ਕੇ ਮੈਚ ਜਿੱਤ ਲਿਆ। ਸਰਕਾਰੀ ਸਕੂਲ ਜਲੰਧਰ ਦੇ ਰਜਿੰਦਰ ਸਿੰਘ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਤੀਜਾ ਮੈਚ ਪੂਲ ‘ਸੀ’ ਵਿੱਚ ਸਰਕਾਰੀ ਸਕੂਲ ਕੁਰਾਲੀ ਅਤੇ ਸਟੇਟ ਸਪੋਰਟਸ ਹਾਸਟਲ ਲਖਨਊ ਦਰਮਿਆਨ ਖੇਡਿਆ ਗਿਆ। ਖੇਡ ਦੇ ਤੀਜੇ ਕੁਆਰਟਰ ਦੇ 41ਵੇਂ ਮਿੰਟ ਵਿੱਚ ਲਖਨਊ ਦੇ ਕਪਤਾਨ ਸੁਜੀਤ ਕੁਮਾਰ ਨੇ ਗੋਲ ਕਰ ਕੇ ਸਕੋਰ 1-0 ਕੀਤਾ। ਖੇਡ ਦੇ 46ਵੇਂ ਮਿੰਟ ਵਿੱਚ ਕੇਤਨ ਖੁਸ਼ਵਾਹਾ ਨੇ ਗੋਲ ਕਰ ਕੇ ਸਕੋਰ 2-0 ਕੀਤਾ। ਖੇਡ ਦੇ 50ਵੇਂ ਮਿੰਟ ਵਿਚ ਗੁਰਸੇਵਕ ਸਿੰਘ ਨੇ ਅਤੇ 54ਵੇਂ ਮਿੰਟ ਵਿੱਚ ਅਰਸ਼ਦੀਪ ਸਿੰਘ ਨੇ ਗੋਲ ਕਰਕੇ ਕੁਰਾਲੀ ਨੂੰ 2-2 ਦੀ ਬਰਾਬਰੀ ਤੇ ਲਿਆਂਦਾ। ਦੋਵੇਂ ਟੀਮਾਂ ਨੂੰ ਇਕ ਇਕ ਅੰਕ ’ਤੇ ਸਬਰ ਕਰਨਾ ਪਿਆ। ਸਰਕਾਰੀ ਸਕੂਲ ਕੁਰਾਲੀ ਦੇ ਅਮਨਦੀਪ ਨੂੰ ਮੈਚ ਦਾ ਬਿਹਤਰੀਨ ਖਿਡਾਰੀ ਐਲਾਨਿਆ ਗਿਆ।
ਚੌਥਾ ਮੈਚ ਪੂਲ ‘ਡੀ’ ਵਿੱਚ ਸੋਫੀਆ ਕਾਨਵੈਂਟ ਸਕੂਲ ਸੋਨੀਪਤ ਅਤੇ ਮਾਲਵਾ ਖਾਲਸਾ ਸਕੂਲ ਲੁਧਿਆਣਾ ਦਰਮਿਆਨ ਖੇਡਿਆ ਗਿਆ। ਖੇਡ ਦੇ 5ਵੇਂ ਅਤੇ 7ਵੇਂ ਮਿੰਟ ਵਿੱਚ ਸੋਨੀਪਤ ਦੇ ਸਾਹਿਲ ਰਾਹੁਲ ਅਤੇ ਰਵਿੰਦਰ ਨੇ ਗੋਲ ਕਰ ਕੇ ਸਕੋਰ 2-0 ਕੀਤਾ। 60ਵੇਂ ਮਿੰਟ ਵਿੱਚ ਸੋਨੀਪਤ ਦੇ ਮਾਨਵ ਪਾਲ ਨੇ ਗੋਲ ਕਰਕੇ ਸਕੋਰ 9-3 ਕਰਕੇ ਮੈਚ ਜਿੱਤ ਲਿਆ। ਸੋਨੀਪਤ ਦੇ ਰਵੀ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਓਲੰਪੀਅਨ ਬਲਬੀਰ ਸਿੰਘ, ਓਲੰਪੀਅਨ ਗੁਰਮੇਲ ਸਿੰਘ ਵਿਸ਼ੇਸ ਤੌਰ ’ਤੇ ਹਾਜ਼ਰ ਸਨ।