ਨਿੱਜੀ ਪੱਤਰ ਪ੍ਰੇਰਕ
ਮਾਲੇਰਕੋਟਲਾ, 20 ਨਵੰਬਰ
ਇੱਥੇ ਚੱਲੇ ਤਿੰਨ ਰੋਜ਼ਾ ਤਬਲੀਗ਼ੀ ਜਮਾਤ ਦੇ ਧਾਰਮਿਕ ਸਮਾਗਮ (ਤਬਲੀਗ਼ੀ ਇਜਤਮਾਹ) ਦੀ ਆਖ਼ਰੀ ਮਜਲਿਸ ਵਿੱਚ ਤਬਲੀਗ਼ੀ ਜਮਾਤ ਦੇ ਮਰਕਜ਼ ਨਿਜ਼ਾਮੂਦੀਨ ਤੋਂ ਆਏ ਮੌਲਾਨਾ ਅਬਦੁਲ ਸੱਤਾਰ ਨੇ ਦੁਆ ਤੋਂ ਪਹਿਲਾਂ ਹੋਈ ਮਜਲਿਸ ਵਿੱਚ ਕਿਹਾ ਕਿ ਕੋਈ ਵਿਅਕਤੀ ਉਦੋਂ ਤੱਕ ਇਸਲਾਮ ਦੇ ਰਸਤੇ ’ਤੇ ਸਹੀ ਢੰਗ ਨਾਲ ਨਹੀਂ ਚੱਲ ਸਕਦਾ ਜਦ ਤੱਕ ਉਸ ਦਾ ਇਸਲਾਮ ਪ੍ਰਤੀ ਗਿਆਨ ਮਜ਼ਬੂਤ ਨਹੀਂ ਹੋ ਜਾਂਦਾ। ਇਸੇ ਕਰਕੇ ਜਮਾਤ ਵੱਲੋਂ ਦੇਸ਼ ਪ੍ਰਦੇਸ਼ ’ਚ ਧਾਰਮਿਕ ਤਬਲੀਗ਼ੀ ਇਜ਼ਤਮਾਹ ਕਰਕੇ ਜਿਥੇ ਬੁਰਾਈਆਂ ਤੋਂ ਦੂਰ ਰਹਿਣ ਲਈ ਸੰਦੇਸ਼ ਦਿੱਤਾ ਜਾਂਦਾ ਹੈ ਓਥੇ ਹੀ ਧਾਰਮਿਕ ਗਿਆਨ ਤੋਂ ਦੂਰ ਗਏ ਲੋਕਾਂ ਨੂੰ ਜਮਾਤਾਂ ‘ਚ ਭੇਜ ਕੇ ਧਰਮ ਦੀ ਮੁੱਢਲੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਤਬਲੀਗ਼ੀ ਜਮਾਤ ਵਿੱਚ ਜਾਣ ਅਤੇ ਅਜਿਹੇ ਇਜਤਮਾਹ ਕਰਵਾਉਣ ਦਾ ਮੁੱਖ ਮੰਤਵ ਲੋਕਾਂ ਨੂੰ ਪੰਜ ਵਕਤ ਨਮਾਜ਼ ਦਾ ਪਾਬੰਦੀ ਕਰਨ, ਕੁਰਆਨ ਸ਼ਰੀਫ ਤੇ ਹਦੀਸਾਂ ਦਾ ਗਿਆਨ ਕਰਾਉਣ ਅਤੇ ਪੈਗੰਬਰ-ਏ-ਇਸਲਾਮ ਹਜ਼ਰਤ ਮੁਹੰਮਦ ਸਾਹਿਬ ਦੀ ਜੀਵਨੀ ਅਨੁਸਾਰ ਜ਼ਿੰਦਗੀ ਗੁਜ਼ਾਰਨ ਲਈ ਤਿਆਰ ਕਰਨਾ ਹੁੰਦਾ ਹੈ। ਤਿੰਨ ਦਿਨ ਚੱਲੇ ਇਸ ਸਮਾਗਮ ਨੂੰ ਮੌਲਾਨਾ ਮੁਹੰਮਦ ਸ਼ਮੀਮ, ਭਾਈ ਮੁਹੰਮਦ ਇਨਾਮ, ਮੁਫ਼ਤੀ ਮੁਹੰਮਦ ਮਸਊਦ ਸਾਹਿਬ, ਮੌਲਾਨਾ ਅਬਦੁਲ ਗੱਫਾਰ ਸਾਹਿਬ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੜ੍ਹਿਆ ਲਿਖਿਆ ਤਬਕਾ ਇਸਲਾਮ ਦਾ ਮਗਜ਼ ਹੈ। ਇਸ ਤਬਕੇ ਨੂੰ ਆਪਣੀ ਜ਼ਿੰਮੇਵਾਰੀ ਦੁਨੀਆਵੀ ਕੰਮਾਂ ’ਚ ਕੌਮ ਦੀ ਰਹਿਬਰੀ ਕਰਕੇ ਨਿਭਾਉਣੀ ਚਾਹੀਦੀ ਹੈ।