ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 21 ਨਵੰਬਰ
ਪ੍ਰਸ਼ਾਸਨ ਵੱਲੋਂ ਪਰਾਲੀ ਨੂੰ ਅੱਗ ਲਗਾਉਣ ਕਾਰਨ ਮਾਰੇ ਛਾਪੇ ਤੇ ਕਾਰਵਾਈ ਦੇ ਡਰੋਂ ਪ੍ਰੇਸ਼ਾਨ ਪਿੰਡ ਕੋਠਾ ਗੁਰੂ ਦੇ 35 ਸਾਲਾਂ ਕਿਸਾਨ ਗੁਰਦੀਪ ਸਿੰਘ ਨੇ ਬੀਤੀ ਰਾਤ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਭਗਤਾ ਭਾਈ ਦੇ ਪ੍ਰਧਾਨ ਜਸਪਾਲ ਸਿੰਘ ਪਾਲਾ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ’ਚ ਕੋਠਾ ਗੁਰੂ ਵਿਚ ਛਾਪੇਮਾਰੀ ਦੌਰਾਨ ਕਿਸਾਨ ਨੂੰ ਆਪਣੇ ਖੇਤ ‘ਚ ਅੱਗ ਲਗਾਉਣ ਤੋਂ ਵਰਜਿਆ ਸੀ, ਜਿਸ ਕਰਕੇ ਕਿਸੇ ਕਾਰਵਾਈ ਦੇ ਡਰੋਂ ਪ੍ਰੇਸ਼ਾਨ ਕਿਸਾਨ ਗੁਰਦੀਪ ਸਿੰਘ ਨੇ ਘਰ ਵਿਚ ਫਾਹਾ ਲੈ ਲਿਆ। ਮ੍ਰਿਤਕ ਕਿਸਾਨ ਆਪਣੇ ਪਿੱਛੇ ਛੋਟੀ ਬੱਚੀ, ਪਤਨੀ ਅਤੇ ਮਾਤਾ ਛੱਡ ਗਿਆ ਹੈ। ਕਿਸਾਨ ਕੋਲ ਸਿਰਫ 6 ਕਨਾਲਾਂ ਜ਼ਮੀਨ ਹੈ। ਉਨ੍ਹਾਂ ਮੰਗ ਕੀਤੀ ਕਿ ਪੀੜਤ ਕਿਸਾਨ ਨੂੰ ਮੁਆਵਜ਼ਾ ਦਿੱਤਾ ਜਾਵੇ।