ਗੁਰਿੰਦਰ ਸਿੰਘ
ਲੁਧਿਆਣਾ, 21 ਨਵੰਬਰ
ਕਾਰਖਾਨਾ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਮਾਰਸ਼ਲ ਮਸ਼ੀਨਜ਼ ਲਿਮਟਡ ਕੰਪਨੀ ਦੇ ਮਜ਼ਦੂਰਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਨੌਜਵਾਨ ਭਾਰਤ ਸਭਾ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਤੇ ਹੋਰ ਜਨਤਕ-ਜਮਹੂਰੀ ਜਥੇਬੰਦੀਆਂ ਵੱਲੋਂ ਵੀ ਭਰਵੀਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਕਿ ਮੁਅੱਤਲ ਕੀਤੇ ਮਜ਼ਦੂਰ ਆਗੂਆਂ ਨੂੰ ਬਹਾਲ ਕਰਕੇ ਤਨਖਾਹ ਵਾਧਾ, ਬੋਨਸ ਅਦਾਇਗੀ, ਮਾਲਕ-ਮੈਨੇਜਮੈਂਟ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਤੇ ਹੋਰ ਹੱਕੀ ਮੰਗਾਂ ਤੁਰੰਤ ਮੰਨੀਆਂ ਜਾਣ। ਜਥੇਬੰਦੀਆਂ ਨੇ ਓਵਰਟਾਈਮ ਕੰਮ ਦੇ ਘੰਟੇ ਦੋ ਤੋਂ ਚਾਰ ਕਰਨ ਦਾ ਨੋਟੀਫਿਕੇਸ਼ਨ ਪੰਜਾਬ ਸਰਕਾਰ ਤੁਰੰਤ ਰੱਦ ਕਰਕੇ ਸਾਰੇ ਕਾਰਖਾਨਿਆਂ ਵਿੱਚ ਸਖ਼ਤੀ ਨਾਲ਼ ਮਜ਼ਦੂਰਾਂ ਦੇ ਕਾਨੂੰਨੀ ਕਿਰਤ ਹੱਕ ਲਾਗੂ ਕਰਨ ਤੇ ਕਿਰਤ ਕਨੂੰਨਾਂ ਦੀ ਉਲੰਘਣਾ ਕਰਨ ਵਾਲੇ ਮਾਲਕਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰ ਕੇ ਸਖ਼ਤ ਸਜ਼ਾਵਾਂ ਦੇਣ ਦੀ ਮੰਗ ਵੀ ਉਠਾਈ। ਇਸ ਮੌਕੇ ਕਾਰਖ਼ਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ ਨੇ ਦੱਸਿਆ ਕਿ 8 ਨਵੰਬਰ ਨੂੰ ਕੰਪਨੀ ਵੱਲੋਂ ਪੰਜ ਮਜ਼ਦੂਰ ਆਗੂਆਂ ’ਤੇ ਝੂਠੇ ਦੋਸ਼ ਲਾ ਕੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮਜ਼ਦੂਰਾਂ ਨੂੰ 9 ਨਵੰਬਰ ਤੋਂ ਅਣਮਿੱਥੇ ਸਮੇਂ ਲਈ ਹੜਤਾਲ ’ਤੇ ਜਾਣਾ ਪਿਆ। ਇਸ ਮੌਕੇ ਕਲਪਨਾ, ਗਗਨਦੀਪ ਕੌਰ, ਆਗੂ ਤਿਲਕਧਾਰੀ, ਪ੍ਰਧਾਨ ਜਗਦੀਸ਼ ਚੰਦਰ, ਮਾਰਸ਼ਲ ਮਸ਼ੀਨਜ਼ ਦੇ ਪ੍ਰਧਾਨ ਪਵਨ ਕੁਮਾਰ, ਮੱਖਣ ਸਿੰਘ, ਵਿਜੈ ਨਰਾਇਣ, ਗੱਲਰ ਚੌਹਾਨ, ਜਸਵੰਤ ਜੀਰਖ ਅਤੇ ਡਾ. ਸੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।