ਜੋਗਿੰਦਰ ਸਿੰਘ ਮਾਨ
ਮਾਨਸਾ, 21 ਨਵੰਬਰ
ਮਾਨਸਾ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਦਿਲਬਾਗ ਸਿੰਘ ਨੇ ਦੱਸਿਆ ਕਿ ਪਿੰਡ ਭਾਦੜਾ ਵਿੱਚ ਪਰਾਲੀ ਨੂੰ ਲਗਾਈ ਜਾ ਰਹੀ ਅੱਗ ਨੂੰ ਐਸ.ਐਚ.ਓ. ਸਮੇਤ ਪੁਲੀਸ ਟੀਮ ਵੱਲੋਂ ਮੌਕੇ ’ਤੇ ਹੀ ਬੁਝਾਇਆ ਗਿਆ ਅਤੇ ਅੱਗ ਲਗਾਉਣ ਨਾਲ ਵਾਤਾਵਰਨ ਅਤੇ ਮਨੁੱਖੀ ਜੀਵਨ ਨੂੰ ਹੋਣ ਵਾਲੇ ਨੁਕਸਾਨਾਂ ਸਬੰਧੀ ਮੌਕੇ ’ਤੇ ਸਬੰਧਤ ਜ਼ਮੀਨ ਮਾਲਕ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਡਾ. ਸੀ.ਕੇ. ਦੀਕਸ਼ਤ ਦੀ ਅਗਵਾਈ ਵਿੱਚ ਪਿੰਡ ਮੂਲਾ ਸਿੰਘ ਵਾਲਾ ਵਿੱਚ ਖੇਤਾਂ ਵਿੱਚ ਸੁਪਰ ਐਸ.ਐਮ.ਐਸ. ਰਾਹੀਂ ਝੋਨੇ ਦੀ ਹਾਰਵੈਸਟਿੰਗ ਕਰਨ ਉਪਰੰਤ ਹੈਪੀ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰਵਾਈ ਗਈ।
ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਕਾਸ ਅਫ਼ਸਰ ਜਸਲੀਨ ਧਾਲੀਵਾਲ ਦੀ ਅਗਵਾਈ ਹੇਠ ਪਿੰਡ ਫੁੱਲੂਵਾਲਾ ਡੋਗਰਾ ਵਿੱਚ ਸੁਪਰ ਸੀਡਰ ਦੀ ਮਦਦ ਨਾਲ ਕਣਕ ਦੀ ਬਿਜਾਈ ਕਰਵਾਈ ਗਈ। ਇਸ ਮੌਕੇ ਏ.ਡੀ.ਓ. ਅਮਨਦੀਪ ਸਿੰਘ ਅਤੇ ਏ.ਏ.ਈ. ਕੁਲਦੀਪ ਸਿੰਘ ਵੀ ਮੌਜੂਦ ਸਨ।
ਪਰਾਲੀ ਦੀਆਂ ਗੰਢਾਂ ਵਾਲੀ ਟਰਾਲੀ ਨੂੰ ਅੱਗ ਲੱਗੀ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਪਿੰਡ ਦੀਨਾ ਵਿੱਚੋਂ ਲੰਘ ਰਹੀ ਪਰਾਲੀ ਦੀਆਂ ਗੰਢਾਂ ਨਾਲ ਭਰੀ ਇੱਕ ਟਰਾਲੀ ਨੂੰ ਅੱਗ ਲੱਗਣ ਕਾਰਨ ਟਰਾਲੀ ਸੜ ਕੇ ਸੁਆਹ ਹੋ ਗਈ। ਇਹ ਅੱਗ ਗਲੀ ਉਪਰੋਂ ਲੰਘ ਰਹੀ ਬਿਜਲੀ ਦੀ ਤਾਰ ਨਾਲ ਸਪਾਰਕ ਹੋਣ ਨਾਲ ਦੱਸੀ ਜਾਂਦੀ ਹੈ। ਅੱਗ ਲੱਗਣ ਦਾ ਪਤਾ ਲੱਗਣ ’ਤੇ ਆਂਢ-ਗੁਆਂਢ ਦੇ ਲੋਕਾਂ ਨੇ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਪਿੰਡ ਦੀ ਪਾਣੀ ਵਾਲੀ ਟੈਂਕੀ ਅਤੇ ਲੋਕਾਂ ਦੀ ਮਦਦ ਨਾਲ ਭਾਰੀ ਮੁਸ਼ੱਕਤ ਮਗਰੋਂ ਅੱਗ ਉੱਪਰ ਕਾਬੂ ਪਾਇਆ। ਇੱਕ ਅੱਗ ਬੁਝਾਊ ਗੱਡੀ ਚ ਤਕਨੀਕੀ ਖਰਾਬੀ ਆਉਣ ਕਰਕੇ ਅੱਗ ਬੁਝਾਊ ਅਮਲੇ ਨੂੰ ਲੋਕਾਂ ਦੇ ਰੋਹ ਦਾ ਵੀ ਸਾਹਮਣਾ ਕਰਨਾ ਪਿਆ। ਇਹ ਹਾਦਸਾ ਲਖਵਿੰਦਰ ਸਿੰਘ ਤੇ ਡਾਕਟਰ ਗੁਰਮੀਤ ਸਿੰਘ ਦੇ ਘਰ ਸਾਹਮਣੇ ਵਾਪਰਿਆ। ਇਹ ਆਬਾਦੀ ਵਾਲੀ ਥਾਂ ਹੋਣ ਕਾਰਨ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ, ਪਰ ਟਰਾਲੀ ਸੜ ਕੇ ਸੁਆਹ ਹੋ ਗਈ। ਇਸ ਸਮੇਂ ਮੁਨਸ਼ੀ ਧਰਮਪਾਲ ਸਿੰਘ, ਸਹਾਇਕ ਥਾਣੇਦਾਰ ਇਕਬਾਲ ਸਿੰਘ, ਹੌਲਦਾਰ ਜਗਜੀਤ ਸਿੰਘ, ਤਹਿਸੀਲਦਾਰ ਅਤੇ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਮੌਜੂਦ ਸਨ। ਜਾਣਕਾਰੀ ਅਨੁਸਾਰ ਬਿਜਲੀ ਦੀਆਂ ਤਾਰਾਂ ਵੀ ਢਿੱਲੀਆਂ ਸਨ ਅਤੇ ਟਰਾਲੀ ਵੀ ਬਹੁਤ ਉੱਚੀ ਭਰੀ ਹੋਈ ਸੀ।
ਫਿਰੋਜ਼ਪੁਰ: ਇੱਕ ਹਫ਼ਤੇ ਵਿੱਚ ਦੋ ਦਰਜਨ ਤੋਂ ਵੱਧ ਕੇਸ ਦਰਜ
ਫ਼ਿਰੋਜ਼ਪੁਰ (ਨਿੱਜੀ ਪੱਤਰ ਪ੍ਰੇਰਕ): ਫ਼ਿਰੋਜ਼ਪੁਰ ਅੰਦਰ ਪਿਛਲੇ ਇੱਕ ਹਫ਼ਤੇ ਦੌਰਾਨ ਪਰਾਲੀ ਸਾੜਨ ਵਾਲੇ ਕਿਸਾਨਾਂ ਦੇ ਖ਼ਿਲਾਫ਼ ਦੋ ਦਰਜਨ ਤੋਂ ਵੱਧ ਕੇਸ ਦਰਜ ਕੀਤੇ ਜਾ ਚੁੱਕੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਅਜੇ ਤੱਕ ਕਿਸੇ ਕਿਸਾਨ ਦੀ ਪਛਾਣ ਪੁਲੀਸ ਵੱਲੋਂ ਨਹੀਂ ਕੀਤੀ ਗਈ। ਸਾਰੇ ਕੇਸ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਹੀ ਦਰਜ ਕੀਤੇ ਗਏ ਹਨ ਤੇ ਕਿਸੇ ਵੀ ਮੁਲਜ਼ਮ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਇਸ ਵਜ੍ਹਾ ਕਰਕੇ ਕਿਸਾਨਾਂ ਵੱਲੋਂ ਪਰਾਲੀ ਸਾੜਨ ਦਾ ਰੁਝਾਨ ਲਗਾਤਾਰ ਜਾਰੀ ਹੈ। ਲੰਘੇ ਕੱਲ੍ਹ ਵੀ ਜ਼ਿਲ੍ਹੇ ਅੰਦਰ ਤਕਰੀਬਨ ਅੱਧੀ ਦਰਜਨ ਕੇਸ ਦਰਜ ਕੀਤੇ ਗਏ ਹਨ ਪਰ ਕਿਸੇ ਕਿਸਾਨ ਦੀ ਪਛਾਣ ਨਹੀਂ ਕੀਤੀ ਜਾ ਸਕੀ। ਇਹ ਕੇਸ ਡੀਸੀ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ (ਧਾਰਾ 188) ਅਧੀਨ ਦਰਜ ਕੀਤੇ ਜਾ ਰਹੇ ਹਨ। ਉੱਧਰ, ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅਜਿਹੇ ਕੇਸ ਰੱਦ ਕਰਵਾਉਣ ਲਈ ਪੰਜਾਬ ਸਰਕਾਰ ’ਤੇ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ।