ਤਿਰੂਵਨੰਤਪੁਰਮ, 22 ਨਵੰਬਰ
- ਆਨਲਾਈਨ ਸਾਮਾਨ ਡਿਲਿਵਰੀ ਪਲੇਟਫਾਰਮ ‘ਫਲਾਈ ਮਾਈ ਲਗੇਜ’ ਦੇ ਆਉਣ ਨਾਲ ਵਾਧੂ ਸਾਮਾਨ ਦੇ ਨਾਲ ਹਵਾਈ ਯਾਤਰਾ ਕਰਨਾ ਜਲਦੀ ਹੀ ਘੱਟ ਮੁਸ਼ਕਲਾਂ ਵਾਲਾ ਹੋ ਸਕਦਾ ਹੈ। ਦਿੱਲੀ ਦੀ ਸਟਾਰਟਅੱਪ ਕੰਪਨੀ, ਜੋ ਭਾਰਤ ਵਿੱਚ ਆਪਣੀ ਕਿਸਮ ਦੀ ਪਹਿਲੀ ਕੰਪਨੀ ਹੋਣ ਦਾ ਦਾਅਵਾ ਕਰਦੀ ਹੈ, ਨੇ ਇੱਥੇ ਤਿਰੂਵਨੰਤਪੁਰਮ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਤਿਰੂਵਨੰਤਪੁਰਮ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਟੀਆਈਏਐਲ) ਵੱਲੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਘੱਟ ਲਾਗਤ ਅਤੇ ਸਮਾਂ-ਸੀਮਾ ‘ਤੇ ਭਾਰਤ ਦੇ ਅੰਦਰ ਅਤੇ ਬਾਹਰ ਦੱਸੇ ਗਏ ਪਤੇ ਤੱਕ ਵਾਧੂ ਸਾਮਾਨ ਦੀ ਡਿਲਿਵਰੀ ਦੀ ਸਹੂਲਤ ਦੇਣ ਦਾ ਦਾਅਵਾ ਕਰਦੀ ਹੈ। ਰਿਲੀਜ਼ ‘ਚ ਕਿਹਾ ਗਿਆ ਹੈ ਕਿ ਏਅਰਲਾਈਨ ਕੰਪਨੀਆਂ ’ਤੇ ਸਾਮਾਨ ਦੇ ਭਾਰ, ਸਾਮਾਨ ਦੇ ਹਿੱਸੇ ਵਜੋਂ ਲਿਜਾਈਆਂ ਜਾ ਸਕਣ ਵਾਲੀਆਂ ਵਸਤੂਆਂ ਅਤੇ ਪਾਲਤੂ ਜਾਨਵਰਾਂ ਨੂੰ ਲਿਜਾਣ ’ਤੇ ਪਾਬੰਦੀਆਂ ਹਨ, ਪਰ ਇਸ ਨਵੇਂ ਪਲੇਟਫਾਰਮ ‘ਚ ਅਜਿਹੀ ਕੋਈ ਪਾਬੰਦੀ ਨਹੀਂ ਹੈ। ਇੱਥੋਂ ਤੱਕ ਕਿ ਕੰਪਨੀ ਦੀ ਵੈੱਬਸਾਈਟ ਦਾ ਦਾਅਵਾ ਹੈ ਕਿ ਉਹ ਇਕ ਤੋਂ 500 ਕਿਲੋ ਤੱਕ ਦਾ ਕੋਈ ਵੀ ਵਾਧੂ ਸਾਮਾਨ ਚੁੱਕ ਸਕਦੀ ਹੈ ਅਤੇ ਬਿੱਲੀਆਂ ਅਤੇ ਕਤੂਰੇ ਵਰਗੇ ਪਾਲਤੂ ਜਾਨਵਰਾਂ ਨੂੰ ਵੀ ਲਿਜਾ ਸਕਦੀ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਯਾਤਰੀ ਦੁਆਰਾ ਦੱਸੇ ਗਏ ਪਤੇ ‘ਤੇ ਪਹੁੰਚਾ ਸਕਦੀ ਹੈ। ‘ਫਲਾਈ ਮਾਈ ਲਗੇਜ’ ਵੱਲੋਂ ਘਰੇਲੂ ਅਤੇ ਅੰਤਰਰਾਸ਼ਟਰੀ ਦੋਵਾਂ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹੈ। ਯਾਤਰੀ ਵੱਖ-ਵੱਖ ਪੱਧਰ ਦੇ ਪੈਕੇਜਾਂ ਵਿੱਚੋਂ ਚੋਣ ਕਰ ਸਕਦੇ ਹਨ ਅਤੇ ਬੁਕਿੰਗ ਆਨਲਾਈਨ ਕੀਤੀ ਜਾ ਸਕਦੀ ਹੈ। ਬੁਕਿੰਗ ਪੁਆਇੰਟਾਂ ਤੋਂ ਸਾਮਾਨ ਚੁੱਕਣ ਅਤੇ ਦੱਸੇ ਗਏ ਪਤੇ ਪਹੁੰਚਾਉਣ ਦੀ ਸਹੂਲਤ ਵੀ ਹੈ। ਅਜੇ ਇਹ ਸੇਵਾ ਸਿਰਫ ਕੇਰਲ ਦੇ ਤਿਰੂਵਨੰਤਪੁਰਮ ਹਵਾਈ ਅੱਡੇ ‘ਤੇ ਉਪਲਬਧ ਹੈ। -ਪੀਟੀਆਈ