ਮੁੰਬਈ: ਬੌਲੀਵੁੱਡ ਅਦਾਕਾਰ ਸ਼ਾਹਰੁਖ ਖ਼ਾਨ ਫ਼ਿਲਮ ‘ਪਠਾਨ’ ਅਤੇ ‘ਜਵਾਨ’ ਦੀ ਸਫਲਤਾ ਸਦਕਾ ਆਈਐੱਮਡੀਬੀ ਦੀ 2023 ਦੀ ਭਾਰਤ ਦੇ ਸਭ ਤੋਂ ਵੱਧ ਹਰਮਨਪਿਆਰੇ ਕਲਾਕਾਰਾਂ ਦੀ ਸੂਚੀ ’ਚ ਅੱਵਲ ਰਿਹਾ ਹੈ। ਹਾਲਾਂਕਿ ਸੂਚੀ ’ਚ ਮਹਿਲਾ ਕਲਾਕਾਰਾਂ ਜਿਵੇਂ ਆਲੀਆ ਭੱਟ, ਦੀਪਿਕਾ ਪਾਦੂਕੋਨ ਅਤੇ ਵਾਮਿਕਾ ਗੱਬੀ ਆਦਿ ਦਾ ਦਬਦਬਾ ਰਿਹਾ। ਸ਼ਾਹਰੁਖ ਖ਼ਾਨ ਦੀ ਇਸ ਸਾਲ ਇੱਕ ਹੋਰ ਫ਼ਿਲਮ ‘ਡੰਕੀ’ 21 ਦਸੰਬਰ ਨੂੰ ਰਿਲੀਜ਼ ਹੋਣੀ ਹੈ। ਇਸੇ ਦੌਰਾਨ ਅੱਜ ਸ਼ਾਹਰੁਖ਼ ਦੀ ਇਸ ਫ਼ਿਲਮ ਦਾ ਪਹਿਲਾ ਗੀਤ ‘ਲੁੱਟ ਪੁਟ ਗਿਆ’ ਵੀ ਰਿਲੀਜ਼ ਹੋਇਆ ਹੈ। ਆਈਐੱਮਡੀਬੀ ਦੀ ਭਾਰਤ ਦੀ ਮੁਖੀ ਯਾਮਿਨੀ ਪਟੌਦੀਆ ਨੇ ਕਿਹਾ, ‘‘ਸਾਡੀ ਇਹ ਟੌਪ-10 ਸੂਚੀ ਵਿਸ਼ਵ ਪੱਧਰ ’ਤੇ ਲੱਖਾਂ ਪ੍ਰਸ਼ੰਸਕਾਂ ਵੱਲੋਂ ਪੇਜ ’ਤੇ ਦਿੱਤੇ ਵਿਚਾਰਾਂ ’ਤੇ ਆਧਾਰਿਤ ਹੈ।’’ ਆਈਐੱਮਡੀਬੀ ਉਹ ਵੈੱਬਸਾਈਟ ਹੈ ਜਿਸ ਤੋਂ ਫ਼ਿਲਮਾਂ, ਟੈਲੀਵਿਜ਼ਨ ਅਤੇ ਕਲਾਕਾਰਾਂ ਬਾਰੇ ਜਾਣਕਾਰੀ ਮਿਲਦੀ ਹੈ। ਵੈੱਬਸਾਈਟ ਵੱਲੋਂ ਜਾਰੀ ਇਸ ਸੂਚੀ ਵਿੱਚ ਆਲੀਆ ਭੱਟ ਲਗਾਤਾਰ ਦੂਜੇ ਸਾਲ ਦੂਜੇ ਨੰਬਰ ’ਤੇ ਰਹੀ ਹੈ ਜਿਸ ਦੀ ਫ਼ਿਲਮ ‘ਰੌਕੀ ਔਰ ਰਾਨੀ ਕੀ ਪ੍ਰੇਮ ਕਹਾਣੀ’ ਨੂੰ ਵੱਡੀ ਸਫ਼ਲਤਾ ਮਿਲੀ। -ਪੀਟੀਆਈ