ਇਕਬਾਲ ਸਿੰਘ ਸ਼ਾਂਤ
ਲੰਬੀ, 23 ਨਵੰਬਰ
ਰਾਜਸਥਾਨ ਚੋਣਾਂ ਵਿੱਚ ‘ਇੱਕ ਰੈਂਕ-ਇੱਕ ਪੈਨਸ਼ਨ’ ਅਤੇ ਜੀਓਜੀ ਨੂੰ ਰੱਦ ਕਰਨ ਖ਼ਿਲਾਫ਼ ਭਾਜਪਾ ਅਤੇ ‘ਆਪ’ ਨੂੰ ਘੇਰਨ ਗਏ ਪੰਜਾਬ ਦੇ ਸਾਬਕਾ ਫੌਜੀ ਰਾਜਸਥਾਨੀ ਚੋਣ ਅਮਲੇ ਨੇ ਘੇਰ ਲਏ। ਇਸ ਤਹਿਤ ਸੰਗਰੀਆ ਪੁਲੀਸ ਨੇ ਤਿੰਨ ਸਾਬਕਾ ਫੌਜੀਆਂ ਖ਼ਿਲਾਫ਼ ਧਾਰਾ 107/151 ਤਹਿਤ ਕਾਰਵਾਈ ਕੀਤੀ ਹੈ। ਉਨ੍ਹਾਂ ’ਤੇ ਬਿਨਾਂ ਮਨਜ਼ੂਰੀ ਦੇ ਸਪੀਕਰ ਦੀ ਵਰਤੋਂ ਕਰਨ ਦੇ ਦੋਸ਼ ਹਨ। ਪੰਜਾਬ ਦੇ ਮਾਲਵਾ ਦੇ ਕਈ ਜ਼ਿਲ੍ਹਿਆਂ ਤੋਂ ਸਾਬਕਾ ਫੌਜੀ ਤੇ ਜੀਓਜੀ ਦੇ ਕਾਰਕੁਨ ਅੱਜ ਰਾਜਸਥਾਨ ਦੇ ਸਰਹੱਦੀ ਹਲਕਾ ਸੰਗਰੀਆ ਵਿੱਚ ਭਾਜਪਾ ਅਤੇ ਆਮ ਆਦਮੀ ਪਾਰਟੀ ਪਾਰਟੀ ਖ਼ਿਲਾਫ਼ ਵੋਟਰਾਂ ਨੂੰ ਜਾਗਰੂਕ ਕਰਨ ਲਈ ਗਏ ਸਨ। ਇਹ ਸਾਰੇ ਲੰਬੀ ਹਲਕੇ ਦੇ ਕੰਦੂਖੇੜਾ ਵਿੱਚ ਗੁਰਦੁਆਰੇ ਵਿੱਚੋਂ ਅਰਦਾਸ ਕਰਨ ਮਗਰੋਂ ਰਾਜਸਥਾਨ ਲਈ ਰਵਾਨਾ ਹੋਏ। ਸਾਬਕਾ ਸੈਨਿਕ ਭਲਾਈ ਵਿੰਗ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਫ਼ਖ਼ਰਸਰ ਨੇ ਦੱਸਿਆ ਕਿ ਸਾਬਕਾ ਫੌਜੀਆਂ ਦੀਆਂ ਵੱਖ-ਵੱਖ ਟੋਲੀਆਂ ਹਰੀਪੁਰਾ ਅਤੇ ਢਾਬਾਂ ਖੇਤਰ ਵਿੱਚ ਪ੍ਰਚਾਰ ਕਰ ਰਹੀਆਂ ਸਨ। ਇਸ ਦੀ ਭਿਣਕ ਭਾਜਪਾ ਅਤੇ ‘ਆਪ’ ਕਾਰੁਕਨਾਂ ਨੂੰ ਮਿਲ ਗਈ। ਇਸ ’ਤੇ ਦੋਵੇਂ ਪਾਰਟੀਆਂ ਦੇ ਕਾਰਕੁਨ ਮੌਕੇ ’ਤੇ ਪੁੱਜ ਗਏ ਤੇ ਉਨ੍ਹਾਂ ਦੀ ਸਾਬਕਾ ਫੌਜੀਆਂ ਨਾਲ ਤਕਰਾਰ ਹੋ ਗਈ। ਇਸ ਦੀ ਸ਼ਿਕਾਇਤ ਮਿਲਣ ’ਤੇ ਰਾਜਸਥਾਨੀ ਚੋਣ ਅਮਲੇ ਨੇ ਸਾਬਕਾ ਫੌਜੀਆਂ ਦੀਆਂ ਗੱਡੀਆਂ ਨੂੰ ਘੇਰ ਲਿਆ। ਇਸ ਦੌਰਾਨ ਰਾਜਸਥਾਨ ਪੁਲੀਸ ਸੂਬੇਦਾਰ ਸੁਖਦੇਵ ਸਿੰਘ ਵਾਸੀ ਘੁਮਿਆਰਾ, ਸੂਬੇਦਾਰ ਰਾਜਿੰਦਰ ਸਿੰਘ ਵਾਸੀ ਫਤੂਹੀਵਾਲਾ ਤੇ ਅਜਮੇਰ ਸਿੰਘ ਵਾਸੀ ਲੁਹਾਰਾ ਨੂੰ ਹਿਰਾਸਤ ਵਿੱਚ ਲੈ ਕੇ ਥਾਣਾ ਸੰਗਰੀਆ ਲੈ ਗਈ।
ਸੂਬਾ ਪ੍ਰਧਾਨ ਅਵਤਾਰ ਸਿੰਘ ਨੇ ਕਿਹਾ ਕਿ ਰਾਜਸਥਾਨ ਦੇ ਚੋਣ ਅਮਲੇ ਨੇ ਭਾਜਪਾ ਦੇ ਦਬਾਅ ਹੇਠ ਸਾਬਕਾ ਫੌਜੀਆਂ ਖ਼ਿਲਾਫ਼ ਗਲਤ ਕਾਰਵਾਈ ਕੀਤੀ ਹੈ। ਉਨ੍ਹਾਂ ਕਈ ਦਿਨ ਪਹਿਲਾਂ ਹੀ ਜ਼ਿਲ੍ਹਾ ਹਨੂੰਮਾਨਗੜ੍ਹ ਦੇ ਪੁਲੀਸ ਅਤੇ ਸਿਵਲ ਅਧਿਕਾਰੀਆਂ ਤੋਂ ਇਲਾਵਾ ਸੰਗਰੀਆ ਦੇ ਐੱਸਡੀਐੱਮ ਨੂੰ ਪ੍ਰਚਾਰ ਸਬੰਧੀ ਅਗਾਊਂ ਪੱਤਰ ਲਿਖੇ ਸਨ। ਉੁਨ੍ਹਾਂ ਕਿਹਾ ਕਿ ਮੰਗਾਂ ਨਾ ਮੰਨੇ ਜਾਣ ਤੱਕ ਦੋਵੇਂ ਪਾਰਟੀਆਂ ਖ਼ਿਲਾਫ਼ ਵਿਰੋਧ ਜਾਰੀ ਰਹੇਗਾ। ਦੂਜੇ ਪਾਸੇ ਪੁਲੀਸ ਅਧਿਕਾਰੀ ਰਾਮ ਚੰਦਰ ਨੇ ਦੱਸਿਆ ਕਿ ਹਰੀਪੁਰਾ ਵਿੱਚ ਕੁੱਝ ਸਾਬਕਾ ਫੌਜੀ ਬਿਨਾਂ ਮਨਜ਼ੂਰੀ ਦੇ ਸਪੀਕਰ ’ਤੇ ਪ੍ਰਚਾਰ ਕਰ ਰਹੇ ਸਨ। ਐੱਸਡੀਐਮ ਦੇ ਨਿਰਦੇਸ਼ਾਂ ’ਤੇ ਤਿੰਨਾਂ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।