ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਨਵੰਬਰ
ਜ਼ਿਲ੍ਹਾ ਪੁਲੀਸ ਪਟਿਆਲਾ ਵੱਲੋਂ ਐੱਸਪੀ (ਜਾਂਚ) ਹਰਬੀਰ ਅਟਵਾਲ, ਐੱਸਪੀ (ਅਪਰੇਸ਼ਨ) ਸੌਰਵ ਜਿੰਦਲ ਅਤੇ ਡੀਐੱਸਪੀ (ਜਾਂਚ) ਸੁਖਅੰਮ੍ਰਿਤ ਰੰਧਾਵਾ ਦੀ ਨਿਗਰਾਨੀ ਹੇਠ ਸੀਆਈਏ ਸਟਾਫ਼ ਸਮਾਣਾ ਦੇ ਇੰਚਾਰਜ ਮਨਪ੍ਰੀਤ ਸਿੰਘ ਤੇ ਟੀਮ ਨੇ ਟਰੱੱਕ ਵਿੱਚੋਂ ਭੁੱਕੀ ਦੀ ਵੱਡੀ ਖੇਪ ਫੜੀ ਹੈ। ਇਹ ਸਾਢੇ ਚਾਰ ਕੁਇੰਟਲ ਭੁੱਕੀ ਦੋ ਤਸਕਰਾਂ ਵੱਲੋਂ ਮੱਧ ਪ੍ਰਦੇਸ਼ ਤੋਂ ਲਿਆਂਦੀ ਗਈ ਹੈ। ਪਿੰਡ ਪ੍ਰੇਮ ਸਿੰਘ ਵਾਲਾ ਵਿੱਚ ਲਾਏ ਗਏ ਨਾਕੇ ਦੌਰਾਨ ਪਟਿਆਲਾ ਪੁਲੀਸ ਮੁਲਾਜ਼ਮਾਂ ਨੇ ਦੋਵਾਂ ਤਸਕਰਾਂ ਨੂੰ ਦਬੋਚ ਲਿਆ। ਇਹ ਜਾਣਕਾਰੀ ਐੱਸ.ਐੱਸ.ਪੀ. ਵਰੁਣ ਸ਼ਰਮਾ ਨੇ ਅੱਜ ਇੱਥੇ ਪੁਲੀਸ ਲਾਈਨ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਪੁਲੀਸ ਦੇ ਹੱਥੇ ਚੜ੍ਹੇ ਇਨ੍ਹਾਂ ਮੁਲਜ਼ਮਾਂ ਦੀ ਪਛਾਣ ਰਜਿੰਦਰ ਕੁਮਾਰ ਰਿੰਕੂ ਵਾਸੀ ਮਲਕਾਣਾ ਪੱਤੀ ਸਮਾਣਾ ਅਤੇ ਫਕੀਰ ਚੰਦ ਸੋਨੀ ਵਾਸੀ ਮੁਰਦਾਂਹੇੜੀ ਥਾਣਾ ਸਮਾਣਾ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਵਰੁਣ ਸ਼ਰਮਾ ਨੇ ਦੱਸਿਆ ਕਿ ਮਿਲੀ ਇਤਲਾਹ ਤਹਿਤ ਜਿਉਂ ਹੀ ਟਰੱਕ (ਨੰਬਰ ਪੀਬੀ 11-ਸੀ.ਵਾਈ 1830 ) ਨਾਕੇ ’ਤੇ ਪੁੱਜਾ, ਤਾਂ ਪੁਲੀਸ ਟੀਮ ਨੇ ਇਸ ਨੂੰ ਰੋਕ ਕੇ ਤਲਾਸ਼ੀ ਲਈ ਤਾਂ 450 ਕਿਲੋ ਭੁੱਕੀ ਬਰਾਮਦ ਹੋਈ। ਇਸ ’ਤੇ ਟਰੱਕ ਅਤੇ ਭੁੱਕੀ ਨੂੰ ਕਬਜ਼ੇ ਵਿੱਚ ਲੈਂਦਿਆਂ ਟਰੱਕ ’ਚ ਸਵਾਰ ਦੋਵਾਂ ਤਸਕਰਾਂ ਨੂੰ ਵੀ ਕਾਬੂ ਕਰ ਲਿਆ ਗਿਆ।
ਮੁਢਲੀ ਪੁੱਛਗਿੱਛ ’ਚ ਪਤਾ ਲੱਗਿਆ ਕਿ ਇਹ ਭੁੱਕੀ ਉਹ ਮੱਧ ਪ੍ਰਦੇਸ਼ ਤੋਂ ਲਿਆਏ ਹਨ, ਜੋ ਪੰਜਾਬ ਵਿੱਚ ਹੀ ਸਪਲਾਈ ਕਰਨੀ ਸੀ। ਤਫਤੀਸ਼ੀ ਅਫਸਰ ਐਸਆਈ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੁਲ਼ਜ਼ਮਾਂ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਡਰਾਈਵਰ ਸਮੇਤ ਚਾਰ ਖ਼ਿਲਾਫ਼ ਕਤਲ ਦਾ ਕੇਸ ਦਰਜ
ਘਨੌਰ (ਖੇਤਰੀ ਪ੍ਰਤੀਨਿਧ): ਟਰੱਕ ਡਰਾਈਵਰ ਅਤੇ ਉਸ ਦੇ ਸਾਥੀਆਂ ਵੱਲੋਂ ਟਰੱੱਕ ਦੇ ਕਲੀਨਰ ਸਮਾਣਾ ਵਾਸੀ ਰਵਿਦਰ ਗਰਗ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸ਼ੰਭੂ ਦੀ ਪੁਲੀਸ ਵੱਲੋਂ ਟਰੱਕ ਡਰਾਈਵਰ ਸਮੇਤ ਚਾਰ ਜਣਿਆ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।
ਕਤਲ ਦੀ ਮੁੱਖ ਵਜ੍ਹਾ ਕਲੀਨਰ ਵੱਲੋਂ ਡਰਾਈਵਰ ਅਤੇ ਉਸ ਦੇ ਸਾਥੀਆਂ ਨਾਲ ਸਕਰੈਪ ਦਾ ਭਰਿਆ ਟਰੱਕ ਖੁਰਦ ਬੁਰਦ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਲਈ ਸਹਿਮਤੀ ਨਾ ਜਤਾਉਣਾ ਦੱਸਿਆ ਜਾ ਰਿਹਾ ਹੈ।