ਰਣਬੀਰ ਸਿੰਘ ਮਿੰਟੂ
ਚੇਤਨਪੁਰਾ, 23 ਨਵੰਬਰ
ਅੰਮ੍ਰਿਤਸਰ ਤੋਂ ਫਤਿਹਗੜ੍ਹ ਚੂੜੀਆਂ ਵਾਇਆ ਸੰਗਤਪੁਰਾ ਸੜਕ ਬਣਾਉਣ ਦੀ ਮੰਗ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਪਿੰਡ ਚੇਤਨਪੁਰਾ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਵਾਜਾਈ ਠੱਪ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ 2019 ਵਿੱਚ ਉਕਤ ਸੜਕ ਨੂੰ 18 ਫੁੱਟ ਤੋਂ ਵਧਾ ਕੇ 33 ਫੁੱਟ ਤੱਕ ਚੌੜਾ ਕਰਨ ਦਾ ਨੀਂਹ ਪੱਥਰ ਉਸ ਵੇਲੇ ਦੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵੱਲੋਂ ਰੱਖਿਆ ਗਿਆ ਸੀ, ਪਰ ਕੁਝ ਕੁ ਫੀਸਦੀ ਕੰਮ ਕਰਨ ਤੋਂ ਬਾਅਦ ਕੰਮ ਬਿਲਕੁਲ ਬੰਦ ਪਿਆ ਹੈ।
ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਅੱਗੇ ਦੱਸਿਆ ਕਿ ਸੜਕ ਦੀ ਬਹੁਤ ਹੀ ਮਾੜੀ ਹਾਲਤ ਅਤੇ ਭਾਰੀ ਆਵਾਜਾਈ ਹੋਣ ਕਾਰਨ ਨਿੱਤ ਵਾਪਰ ਰਹੇ ਸੜਕ ਹਾਦਸਿਆਂ ਵਿੱਚ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਜਾ ਚੁੱਕੀਆਂ ਹਨ। ਇਸ ਮੌਕੇ ਲੋਕ ਨਿਰਮਾਣ ਵਿਭਾਗ ਸਰਕਲ ਪਠਾਨਕੋਟ ਦੇ ਉੱਚ ਅਧਿਕਾਰੀਆਂ ਨਿਗਰਾਨ ਇੰਜਨੀਅਰ ਇੰਦਰਜੀਤ ਸਿੰਘ, ਹਰਜੋਤ ਸਿੰਘ ਐਕਸੀਅਨ ਬਟਾਲਾ (ਗੁਰਦਾਸਪੁਰ), ਤਹਿਸੀਲਦਾਰ ਅਜਨਾਲਾ ਜਗਤਾਰ ਸਿੰਘ, ਐੱਸਡੀਓ ਨਿਰਮਲ ਸਿੰਘ, ਐਸ.ਐਚ.ਓ. ਝੰਡੇਰ ਕਰਮਪਾਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ ਅਤੇ 10 ਦਿਨਾਂ ਦੇ ਅੰਦਰ-ਅੰਦਰ ਮੁਰਾਦਪੁਰਾ ਤੋਂ ਲੈ ਕੇ ਫਤਿਹਗੜ੍ਹ ਚੂੜੀਆਂ ਤੱਕ ਸੜਕ ’ਤੇ ਪਏ ਖੱਡਿਆਂ ਨੂੰ ਪੈਚ ਵਰਕ ਦੁਆਰਾ ਭਰਨ ਦਾ ਲਿਖਤੀ ਭਰੋਸਾ ਦਿੱਤਾ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਭਰੋਸ ’ਤੇ ਅਮਲ ਨਾ ਹੋਇਆ ਤਾਂ ਮੁੜ ਤੋਂ ਧਰਨਾ ਲਾਇਆ ਜਾਵੇਗਾ।
ਇਸ ਮੌਕੇ ਦਲਜੀਤ ਸਿੰਘ ਸਰਪੰਚ ਚੇਤਨਪੁਰਾ, ਕੁਲਵੰਤ ਸਿੰਘ ਕੋਟਲਾ ਗੁਜਰਾਂ, ਹਰਪਾਲ ਸਿੰਘ ਕੰਦੋਵਾਲੀ, ਯਾਦਵਿੰਦਰ ਸਿੰਘ ਚੇਤਨਪੁਰਾ, ਦਲਬੀਰ ਸਿੰਘ ਮਾਜਵਿਡ, ਅਜੈਬ ਸਿੰਘ, ਬਲਦੇਵ ਸਿੰਘ ਮਾਛੀਨੰਗਲ, ਕੁਲਵਿੰਦਰ ਸਿੰਘ ਅਟਾਰੀ, ਜਗਜੀਵਨ ਸਿੰਘ ਮਜੀਠਾ, ਕੁਲਵੀਰ ਸਿੰਘ ਅਟਾਰੀ, ਪਲਵਿੰਦਰ ਕੌਰ ਗੋਸਲ, ਬਲਵਿੰਦਰ ਕੌਰ ਪੰਧੇਰ, ਗੁਰਜੀਤ ਸਿੰਘ ਚੇਤਨਪੁਰਾ, ਗਿਆਨ ਸਿੰਘ ਕੰਦੋਵਾਲੀ, ਕਾਬਲ ਸਿੰਘ ਮਾਛੀਨਗਲ, ਨਿਰਵੈਰ ਸਿੰਘ ਪਠਾਣ ਨੰਗਲ, ਅਜੀਤ ਸਿੰਘ, ਮਨਜਿੰਦਰ ਸਿੰਘ ਤੇ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।