ਸੁੰਦਰ ਨਾਥ ਆਰਿਆ
ਅਬੋਹਰ, 23 ਨਵੰਬਰ
ਇਲਾਕੇ ਵਿੱਚ ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਜਾਗਰੂਕ ਕਰਨ ਲਈ ਸਮਾਜ ਸੇਵੀ ਅਤੇ ਜੁਵੇਨਾਈਲ ਜਸਟਿਸ ਬੋਰਡ ਜ਼ਿਲ੍ਹਾ ਫ਼ਾਜ਼ਿਲਕਾ ਦੇ ਮੈਂਬਰ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਪਿੰਡ ਤੇਲੂਪੁਰਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਟਰੈਕਟਰ-ਟਰਾਲੀ ’ਤੇ ਸਵਾਰ ਹੋ ਕੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ ਹੈ।
ਉਹ ਆਪਣੀ ਰਿਹਾਇਸ਼ ਪਿੰਡ ਢੀਂਗਾ ਵਾਲੀ ਤੋਂ ਬੱਚਿਆਂ ਸਮੇਤ ਟਰੈਕਟਰ-ਟਰਾਲੀ ’ਤੇ ਆਪਣੇ ਪਿੰਡ, ਸ਼ੇਰਗੜ੍ਹ ਅਤੇ ਪੱਟੀ ਸਦੀਕ ਪਹੁੰਚੇ ਅਤੇ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਦੱਸਿਆ। ਪਿੰਡ ਤੇਲੂਪੁਰਾ ਵਾਸੀ ਦੋ ਭਰਾਵਾਂ ਦੀ ਆਤਮਿਕ ਸ਼ਾਂਤੀ ਲਈ ਮੋਮਬੱਤੀ ਮਾਰਚ ਕੱਢਿਆ ਅਤੇ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਨੂੰ ਮਿਲ ਕੇ ਨਸ਼ਾ ਵੇਚਣ ਵਾਲਿਆਂ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨਸ਼ਿਆਂ ਦੇ ਖਾਤਮੇ ਲਈ ਪੁਲੀਸ ਪ੍ਰਸ਼ਾਸਨ ਨੂੰ ਖੁੱਲ੍ਹ ਦਿੱਤੀ ਜਾਵੇ ਅਤੇ ਪੁਲੀਸ ਨੂੰ ਸਿਆਸੀ ਦਖ਼ਲਅੰਦਾਜ਼ੀ ਤੋਂ ਮੁਕਤ ਕੀਤਾ ਜਾਵੇ।
ਸ੍ਰੀ ਸਿਆਗ ਨੇ ਬੇਰੁਜ਼ਗਾਰੀ ਨੂੰ ਨਸ਼ਿਆਂ ਦਾ ਵੱਡਾ ਕਾਰਨ ਦੱਸਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਨੌਜਵਾਨਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦੀ ਮੰਗ ਕੀਤੀ। ਉਨ੍ਹਾਂ ਨਸ਼ਿਆਂ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਨਸ਼ਾ ਛੱਡਣ ਦੀ ਅਪੀਲ ਕਰਦਿਆਂ ਕਿਹਾ ਕਿ ਨਸ਼ੇ ਦਾ ਇਲਾਜ ਜਾਂ ਨਸ਼ਾ ਛੁਡਾਉਣਾ ਸੰਭਵ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਉਚਿਤ ਨਸ਼ਾ ਛੁਡਾਊ ਕੇਂਦਰ ਹਨ, ਜਿਸ ਲਈ ਲੋੜ ਹੈ ਮਜ਼ਬੂਤ ਇੱਛਾ ਸ਼ਕਤੀ ਦੀ।