ਗੁਰਪ੍ਰੀਤ ਦੌਧਰ
ਅਜੀਤਵਾਲ, 24 ਨਵੰਬਰ
ਬਾਬਾ ਈਸ਼ਰ ਸਿੰਘ ਯਾਦਗਾਰੀ ਪਾਰਕ ਢੁੱਡੀਕੇ ਵਿੱਚ ਗ਼ਦਰੀ ਜਰਨੈਲ ਕਰਤਾਰ ਸਿੰਘ ਸਰਾਭਾ, ਬਾਬਾ ਈਸ਼ਰ ਸਿੰਘ ਢੁੱਡੀਕੇ, ਬਾਬਾ ਅਰੂੜ ਸਿੰਘ ਜਿਨ੍ਹਾਂ ਦੇਸ਼ ਦੀ ਆਜ਼ਾਦੀ ਲਈ ਲੜਾਈ ਲੜੀ ਅਤੇ ਕਾਲੇਪਾਣੀ ਦੀਆਂ ਸਜ਼ਾਵਾਂ ਕੱਟੀਆਂ, ਤੋਂ ਇਲਾਵਾ ਵਾਲੇ ਇਲਾਕੇ ਦੇ ਡੇਢ ਦਰਜਨ ਤੋਂ ਵੱਧ ਹੋਰ ਯੋਧਿਆਂ ਦੀ ਯਾਦ ਵਿੱਚ ਸਮਾਗਮ ਕੀਤਾ ਗਿਆ। ਮੇਲੇ ’ਚ ਗ਼ਦਰੀ ਬਾਬਿਆਂ ਦੇ ਕਾਰਜ ਪੂਰੇ ਕਰਨ ਲਈ ਜੱਦੋ ਜਹਿਦ ਜਾਰੀ ਰੱਖਣ ਅਤੇ ਨੌਜਵਾਨਾਂ ਨੂੰ ਵਿਦੇਸ਼ ’ਚ ਜਾਣ ਦੀ ਥਾਂ ਲੋਕ ਸੰਘਰਸ਼ਾਂ ਲਈ ਅੱਗੇ ਆਉਣ ਦਾ ਸੱਦਾ ਦਿੱਤਾ ਗਿਆ।
ਦੇਸ਼ ਭਗਤ ਗ਼ਦਰੀ ਬਾਬੇ ਅਤੇ ਚੈਰੀਟੇਬਲ ਸੇਵਾ ਟਰਸੱਟ ਵੱਲੋਂ ਕਰਵਾਏ ਸਮਾਗਮ ’ਚ ਹੋਈ ਚਰਚਾ ਦੌਰਾਨ ਇਹ ਪੱਖ ਉੱਭਰਵੇਂ ਰੂਪ ਵਿੱਚ ਸਾਹਮਣੇ ਆਇਆ ਕਿ ਗ਼ਦਰੀ ਬਾਬਿਆਂ ਦੇ ਸੁਫ਼ਨਿਆਂ ਦੀ ਆਜ਼ਾਦੀ ਬਰਾਬਰੀ, ਸਾਂਝੀਵਾਲਤਾ ਅਤੇ ਧਰਮ ਨਿਰਪੱਖ ਰਾਜ ਦੀ ਸਿਰਜਣਾ ਦਾ ਕਾਜ ਹਾਲੇ ਅਧੂਰਾ ਹੈ ਤੇ ਇਸ ਲਈ ਸਮੂਹ ਲੋਕਾਂ ਨੂੰ ਰਾਜ ਅਤੇ ਸਮਾਜ ਬਦਲਣ ਲਈ ਜੱਦੋ-ਜਹਿਦ ਜਾਰੀ ਰੱਖਣ ਦੀ ਲੋੜ ਹੈ। ਸਮਾਗਮ ’ਚ ਪੁੱਜੀਆਂ ਸਮੂਹ ਸੰਸਥਾਵਾਂ, ਅਮਰੀਕਾ ਤੇ ਕੈਨੇਡਾ ਤੋਂ ਆਏ ਸਾਥੀਆਂ ਅਤੇ ਸਮਾਗਮ ਪ੍ਰਬੰਧਕੀ ਕਮੇਟੀ ਦੇ ਪ੍ਰਤੀਨਿਧੀਆਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਅਹਿਦ ਲਿਆ। ਯਾਦਗਾਰੀ ਸਮਾਗਮ ਨੂੰ ਕੈਲਗਰੀ (ਕੈਨੇਡਾ) ਤੋਂ ਆਏ ਮਾਸਟਰ ਭਜਨ ਸਿੰਘ, ਅਮਰੀਕਾ ਤੋਂ ਆਏ ਹਰਸ਼ਰਨ ਗਿੱਲ ਧੀਦੋ, ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਕਮੇਟੀ ਮੈਂਬਰ ਸੁਰਿੰਦਰ ਸਿੰਘ ਜਲਾਲਦੀਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਨਿਰਭੈ ਸਿੰਘ ਢੁੱਡੀਕੇ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਟਰੇਡ ਯੂਨੀਅਨ ਆਗੂ ਬਲਵੰਤ ਸਿੰਘ ਬਾਘਾ ਪੁਰਾਣਾ ਨੇ ਸੰਬੋਧਨ ਕੀਤਾ। ਇਨ੍ਹਾਂ ਬੁਲਾਰਿਆਂ ਸਮੇਤ ਕੰਵਰਦੀਪ ਸਿੰਘ ਢੁੱਡੀਕੇ, ਸ਼ਹੀਦ ਅਵਤਾਰ ਸਿੰਘ ਢੁੱਡੀਕੇ ਦੀ ਜੀਵਨ ਸਾਥਣ ਸੁਰਿੰਦਰ ਕੌਰ ਢੁੱਡੀਕੇ, ਅਮਨਦੀਪ ਗਿੱਲ ਮੱਦੋਕੇ, ਇਨਕਲਾਬੀ ਕਵੀਸ਼ਰੀ ਜਥਾ ਰਸੂਲਪੁਰ ਅਤੇ ਚੇਤਨਾ ਕਲਾ ਕੇਂਦਰ ਬਰਨਾਲਾ ਦੇ ਕਲਾਕਾਰਾਂ ਨੇ ਵੀ ਸ਼ਹੀਦਾਂ ਨੂੰ ਸਿਜਦਾ ਕੀਤਾ। ਚੇਤਨਾ ਕਲਾ ਕੇਂਦਰ ਬਰਨਾਲਾ (ਹਰਵਿੰਦਰ ਦੀਵਾਨਾ) ਦੀ ਟੀਮ ਨੇ ਨਾਟਕ ‘‘ਪੰਜਾਬ ਸਿਓਂ ਆਵਾਜ਼ਾਂ ਮਾਰਦੈ’’ ਖੇਡਿਆ।