ਗੁਰਨਾਮ ਸਿੰਘ ਅਕੀਦਾ
ਪਟਿਆਲਾ, 24 ਨਵੰਬਰ
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਪਟਿਆਲਾ, ਕਲਾ ਕ੍ਰਿਤੀ ਪਟਿਆਲਾ ਅਤੇ ਨਟਰਾਜ ਆਰਟਸ ਥੀਏਟਰ ਪਟਿਆਲਾ ਵੱਲੋਂ ਉੱਤਰੀ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ ਦੇ ਸਹਿਯੋਗ ਨਾਲ ਇੱਥੇ ਕਾਲੀਦਾਸ ਆਡੀਟੋਰੀਅਮ ਵਿਰਸਾ ਵਿਹਾਰ ਕੇਂਦਰ ਨੇੜੇ ਭਾਸ਼ਾ ਭਵਨ, ਸ਼ੇਰਾਂਵਾਲਾ ਗੇਟ, ਪ੍ਰੀਤਮ ਸਿੰਘ ਉਬਾਲੇਵਾਲਾ ਵਿੱਚ ਨੈਸ਼ਨਲ ਥੀਏਟਰ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਪੰਦਰਾਂ ਰੋਜ਼ਾ ਨੈਸ਼ਨਲ ਥੀਏਟਰ ਫ਼ੈਸਟੀਵਲ ਦੇ ਨੌਵੇਂ ਦਿਨ ਨਟਰੰਗ ਸੁਸਾਇਟੀ ਅਬੋਹਰ ਵੱਲੋਂ ਭੁਪਿੰਦਰ ਉਤਰੇਜਾ ਦਾ ਲਿਖਿਆ ਅਤੇ ਹਨੀ ਉਤਰੇਜਾ ਦੀ ਨਿਰਦੇਸ਼ਨਾ ਹੇਠ ਲਿਖਿਆ ਨਾਟਕ ‘ਜੀ ਆਇਆਂ ਨੂੰ’ ਅਤੇ ਦੂਜਾ ਨਾਟਕ ‘ਕੋਰਟ ਮਾਰਸ਼ਲ ਨਹੀਂ’ ਪੇਸ਼ ਕੀਤਾ ਗਿਆ। ‘ਪਰੰਪਰਾ ਆਰਟਸ ਚੰਡੀਗੜ੍ਹ ਵੱਲੋਂ’ ਪੇਸ਼ ਕੀਤੇ ਨਾਟਕ ਦੇ ਕਲਾਕਾਰਾਂ ਨੇ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ।
‘ਕੋਰਟ ਮਾਰਸ਼ਲ ਨਹੀਂ’ ਤੱਥਾਂ ਨੂੰ ਪੇਸ਼ ਕਰਨ ਅਤੇ ਭਾਵਨਾਵਾਂ ਨੂੰ ਉਭਾਰਨ ਦੇ ਵਿਚਕਾਰ ਸੰਤੁਲਨ ਕਾਇਮ ਕਰਦਾ ਹੋਏ ਡਰਾਮਾ, ਕਸ਼ਮੀਰ ਵਿੱਚ ਇੱਕ ਮੁਕਾਬਲੇ ਵਿੱਚ ਮਾਰੇ ਗਏ ਇੱਕ ਫ਼ੌਜੀ ਅਧਿਕਾਰੀ ਦੀ ਕਹਾਣੀ ਦੱਸਦਾ ਹੈ। ਨਾਟਕ ‘ਕੋਰਟ ਮਾਰਸ਼ਲ ਨਹੀਂ’ ਵਿੱਚ ਮੁੱਖ ਭੂਮਿਕਾਵਾਂ ਨਿਭਾਉਣ ਵਾਲੇ ਕਲਾਕਾਰਾਂ ਵਿੱਚ ਰੋਹਿਤ ਸ਼ਰਮਾ, ਮਲਿਕ ਰੇਹਾਨ, ਅਨੁਜ ਚਾਹਲ, ਨਵਦੀਪ ਸਹੋਤਾ, ਪ੍ਰਤੀਕ ਬੂਰਾ, ਰਾਖੀ ਮਾਵੀ, ਕੁਨਾਲ ਮਾਨ, ਸੌਰਭ ਰਾਵਤ ਅਤੇ ਯਸ਼ਪਾਲ ਤਿਵਾੜੀ ਸ਼ਾਮਲ ਸਨ। ਨਾਟਕ ਦੀ ਲਾਈਟ ਡਿਜ਼ਾਈਨ ਅਭਿਸ਼ੇਕ ਸ਼ਰਮਾ ਨੇ ਕੀਤੀ। ਇਸ ਮੌਕੇ ਮੁੱਖ ਮਹਿਮਾਨ ਦੇ ਪੈਨਲ ਵਿਚ ਜਸਟਿਸ ਜਸਪਾਲ ਸਿੰਘ (ਸੇਵਾਮੁਕਤ) ਚੰਡੀਗੜ੍ਹ, ਸ. ਗੁਰਜੀਤ ਸਿੰਘ ਓਬਰਾਏ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਰੰਜਨ ਲਖਨਪਾਲ ਨੇ ਇਸ ਮੌਕੇ ਨਾਟਕ ਦੀ ਸਫਲ ਪੇਸ਼ਕਾਰੀ ਲਈ ਸਾਰੇ ਕਲਾਕਾਰਾਂ ਨੂੰ ਵਧਾਈ ਦਿੱਤੀ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸਮੂਹ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਰੰਗਮੰਚ ਸੰਸਥਾ ਨੂੰ 5100 ਰੁਪਏ ਦਾ ਨਕਦ ਇਨਾਮ, ਕਲਾਕਾਰਾਂ ਨੂੰ ਸੋਨ ਤਗਮੇ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਨਾਟਕ ਮੇਲੇ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਡਾ: ਮੰਜੂ ਅਰੋੜਾ ਨੇ ਬਾਖ਼ੂਬੀ ਨਿਭਾਈ।
ਨਟਾਸ ਵੱਲੋਂ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਨਾਟਕ ਮੇਲਾ
ਪਟਿਆਲਾ (ਪੱਤਰ ਪ੍ਰੇਰਕ): ਨੈਸ਼ਨਲ ਥੀਏਟਰ ਆਰਟਸ ਸੁਸਾਇਟੀ (ਨਟਾਸ) ਵੱਲੋਂ ਦੰਪਤੀ ਸੁਨੀਤਾ ਅਤੇ ਪ੍ਰਾਣ ਸਭਰਵਾਲ ਦੀ ਸਰਪ੍ਰਸਤੀ ਹੇਠ ਸਮਾਜਿਕ ਬੁਰਾਈਆਂ ਵਿਰੁੱਧ ਜਾਗਰੂਕਤਾ ਨਾਟਕ ਮੇਲਾ ਪ੍ਰਿੰਸੀਪਲ ਸਰਲਾ ਭਟਨਾਗਰ ਦੇ ਸਹਿਯੋਗ ਨਾਲ ਵੀਰ ਹਕੀਕਤ ਰਾਏ ਸੀਨੀਅਰ ਸੈਕੰਡਰੀ ਸਕੂਲ ’ਚ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਹਕੀਮ ਗਿਆਨ ਚੰਦ ਮਿੱਤਲ, ਪ੍ਰੋ. ਹਕੀਮ ਪ੍ਰੇਮ ਨਾਥ ਗੁਪਤਾ ਐਂਡ ਸੰਨਜ਼, ਬਲਜਿੰਦਰ ਸਿੰਘ ਢਿੱਲੋਂ ਐੱਮ.ਡੀ. ਢਿੱਲੋਂ ਫਨ ਵਰਲਡ, ਇੰਜ: ਹਰਬੰਸ ਸਿੰਘ ਕੁਲਾਰ, ਐਮਡੀ ਕੁਲਾਰ ਪ੍ਰੋਡਕਸ਼ਨਜ਼ ਤੇ ਰਾਕੇਸ਼ ਗੁਪਤਾ, ਸਟੇਟ ਵਾਈਸ ਪ੍ਰੈਜ਼ੀਡੈਂਟ ਵਪਾਰ ਮੰਡਲ, ਪੰਜਾਬ ਸਨ। ਪ੍ਰਾਣ ਸਭਰਵਾਲ ਨੇ ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਨੂੰ ਅਪੀਲ ਕੀਤੀ ਕਿ ਵੀਰ ਹਕੀਕਤ ਰਾਏ ਨੂੰ ‘ਕੌਮੀ ਬਾਲ ਸ਼ਹੀਦ’ ਐਲਾਨਿਆ ਜਾਵੇ। ਇਸ ਸਮੇਂ ਸੁਨੀਤਾ ਅਤੇ ਪ੍ਰਾਣ ਸਭਰਵਾਲ ਦੇ ਨਿਰਦੇਸ਼ਨ ਹੇਠ ਤਿਆਰ ਸਫਲ 6 ਲਘੂ ਨਾਟਕ ਜਿਨ੍ਹਾਂ ਵਿੱਚ ‘ਪੁੱਤਰ ਮਰਨ ਨਾ ਜਿਉਂਦੇ ਮਾਪਿਆਂ ਦੇ – ਭਗਤ ਸਿੰਘ’, ‘ਸਵੱਛਤਾ ਅਭਿਆਨ’ , ਅਜਮੇਰ ਔਲਖ ਦੇ ‘ਸੁੱਕੀ ਕੁੱਖ’, ‘ਅਵੇਸਲੇ ਯੁੱਧਾਂ ਦੀ ਨਾਇਕਾ’, ‘ਕਾਕਾ-ਪਟਾਕਾ’, ‘ਲੱਖੀ ਸ਼ਾਹ ਵਣਜਾਰਾ’ ਨਾਟਕ ਖੇਡੇ ਗਏ। ਇਸ ਤੋਂ ਇਲਾਵਾ ਗੀਤ ਸੰਗੀਤ ਵਿੱਚ ਸ਼ਾਮਲ ਸਨਮਾਨਿਤ ਕਲਾਕਾਰਾਂ ਗਿੱਲ ਦੀਪ, ਗਾਇਕ ਕੰਪੋਜਰ-ਅਦਾਕਾਰ, ਜਗਦੀਸ਼ ਕੁਮਾਰ ਕੋਰੀਓਗ੍ਰਾਫਰ-ਅਦਾਕਾਰ, ਸੀਨੀਅਰ ਦੰਪਤੀ ਰਾਜਿੰਦਰ ਵਾਲੀਆ ਤੇ ਰੁਪਿੰਦਰਜੀਤ ਸਿੰਘ ਵਾਲੀਆ, ਪਰਮਜੀਤ ਕੌਰ, ਮਨੀਸ਼ਾ, ਹਰਸਿਮਰਨਜੀਤ ਕੌਰ, ਸ਼ਬਦ ਅਤੇ ਪ੍ਰਬੰਧਕੀ ਟੀਮ ਨੂੰ ਭਰਵਾਂ ਹੁੰਗਾਰਾ ਮਿਲਿਆ। ਨਟਾਸ ਪ੍ਰਧਾਨ ਜੀਐੱਸ ਕੱਕੜ ਨੇ ਕਲਾਕਾਰਾਂ ਦਾ ਧੰਨਵਾਦ ਕੀਤਾ। ਅਗਲਾ ਨਾਟਕ ਮੇਲਾ 3 ਦਸੰਬਰ ਐਤਵਾਰ ਸਵੇਰੇ 7 ਵਜੇ ਬਾਰਾਂਦਰੀ ਗਾਰਡਨ ਵਿੱਚ ਹੋਵੇਗਾ।