ਦਾਂਤੇਵਾੜਾ: ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦਾਂਤੇਵਾੜਾ ਜ਼ਿਲ੍ਹੇ ਵਿੱਚ ਅੱਜ ਸ਼ੱਕੀ ਨਕਸਲੀਆਂ ਨੇ ਨਿਰਮਾਣ ਕਾਰਜਾਂ ਵਿੱਚ ਲੱਗੇ ਘੱਟੋ-ਘੱਟ 14 ਵਾਹਨਾਂ ਅਤੇ ਮਸ਼ੀਨਾਂ ਨੂੰ ਅੱਗ ਲਗਾ ਦਿੱਤੀ। ਘਟਨਾ ਵਿੱਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਭਾਂਸੀ ਪੁਲੀਸ ਥਾਣਾ ਖੇਤਰ ਅਧੀਨ ਬੰਗਾਲੀ ਕੈਂਪ ਨਾਂ ਦੇ ਸਥਾਨ ’ਤੇ ਦੇਰ ਰਾਤ ਕਰੀਬ ਡੇਢ ਵਜੇ ਵਾਪਰੀ। ਉਨ੍ਹਾਂ ਦੱਸਿਆ ਕਿ ਪ੍ਰਤੱਖਦਰਸ਼ੀਆਂ ਅਨੁਸਾਰ ਲਗਭਗ 40-50 ਅਣਪਛਾਤੇ ਲੋਕਾਂ, ਜੋ ਆਮ ਲੋਕਾਂ ਦੇ ਭੇਸ ਵਿੱਚ ਸੀ ਅਤੇ ਜਿਨ੍ਹਾਂ ਵਿੱਚੋਂ ਕੁੱਝ ਹਥਿਆਰਬੰਦ ਸੀ, ਮੌਕੇ ’ਤੇ ਪਹੁੰਚੇ ਅਤੇ ਉੱਥੇ ਖੜ੍ਹੇ ਟਰੱਕਾਂ, ਪੋਕਲੇਨ ਅਤੇ ਜੇਸੀਬੀ ਮਸ਼ੀਨਾਂ ਸਣੇ 14 ਵਾਹਨਾਂ ਨੂੰ ਅੱਗ ਲਗਾ ਦਿੱਤੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇੱਕ ਨਿੱਜੀ ਨਿਰਮਾਣ ਕੰਪਨੀ ਦੇ 13 ਵਾਹਨ ਅਤੇ ਮਸ਼ੀਨਾਂ ਦਾਂਤੇਵਾੜਾ ਅਤੇ ਬਚੇਲੀ ਦਰਮਿਆਨ ਸੜਕ ਨਿਰਮਾਣ ਵਿੱਚ ਲੱਗੇ ਹੋਏ ਸਨ, ਉੱਥੇ ਇੱਕ ਪਾਣੀ ਦਾ ਟੈਂਕਰ ਰੇਲਵੇ ਕੇ ਕੰਮ ਵਿੱਚ ਲੱਗਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਹਮਲਾਵਰਾਂ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਤਲਾਸ਼ੀ ਮੁਹਿੰਮ ਜਾਰੀ ਹੈ। -ਪੀਟੀਆਈ