ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 27 ਨਵੰਬਰ
ਬਠਿੰਡਾ ਪੁਲੀਸ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਲਈ ਭਾਰਤੀ ਫੌਜ ਦੇ ਟੈਂਕਾਂ ਦੀ ਜਾਸੂਸੀ ਕਰਨ ਵਾਲੇ ਦੋ ਕਥਿਤ ਜਾਸੂਸਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਦੀ ਪਛਾਣ ਆਟੋ ਚਾਲਕ ਅੰਮ੍ਰਿਤਪਾਲ ਗਿੱਲ ਉਰਫ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਫੜਿਆ ਗਿਆ ਮੁਲਜ਼ਮ ਰਾਮਪੁਰਾ ਫੂਲ ਦੇ ਪਿੰਡ ਦੁੱਲੇ ਬੱਲ ਦਾ ਰਹਿਣ ਵਾਲਾ ਹੈ। ਉਸ ਨੂੰ 23 ਨਵੰਬਰ ਨੂੰ ਬਠਿੰਡਾ ਦੇ ਕਸਬੇ ਤਲਵੰਡੀ ਸਾਬੋ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉੱਧਰ ਮੁਲਜ਼ਮ ਦੇ ਸਹਾਇਕ ਰਿਆਜ਼ੂਦੀਨ ਨੂੰ ਲਖਨਊ ਏਟੀਐੱਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਲਖਨਊ ਪੁਲੀਸ ਹੁਣ ਅੰਮ੍ਰਿਤਪਾਲ ਸਿੰਘ ਨੂੰ ਬਠਿੰਡਾ ਤੋਂ ਲਖਨਊ ਟਰਾਂਜ਼ਿਟ ਰਿਮਾਂਡ ’ਤੇ ਲੈ ਗਈ ਹੈ। ਹੁਣ ਤੱਕ ਦੀ ਜਾਂਚ ਅਤੇ ਪੁੱਛ-ਪੜਤਾਲ ਤੋਂ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਭਾਰਤੀ ਟੈਂਕਾਂ ਦੀ ਜਾਣਕਾਰੀ ਆਈਐੱਸਆਈ ਨੂੰ ਭੇਜਦੇ ਸਨ।