ਮਨੋਜ ਸ਼ਰਮਾ
ਬਠਿੰਡਾ, 27 ਨਵੰਬਰ
ਮੁਹਾਲੀ ਵਿਚ ਚੱਲ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਤਿੰਨ ਦਿਨਾ ਧਰਨੇ ਲਈ ਮਾਲਵਾ ਖੇਤਰ ਵਿਚੋਂ ਕਿਸਾਨਾਂ ਦੇ ਕਾਫ਼ਲੇ ਕੂਚ ਕਰ ਰਹੇ ਹਨ। ਅੱਜ ਕਿਸਾਨਾਂ ਦੇ ਕਾਫ਼ਲੇ ਬਠਿੰਡਾ ਅਤੇ ਮਾਨਸਾ ਜ਼ਿਲ੍ਹਿਆਂ ਵਿਚੋਂ ਬੱਸਾਂ ਰਾਹੀਂ ਰਵਾਨਾ ਹੋਏ। ਇਨ੍ਹਾਂ ਜਥਿਆਂ ਵਿਚ ਵੱਡੀ ਗਿਣਤੀ ਵਿਚ ਕਿਸਾਨ ਬੀਬੀਆਂ ਵੀ ਸ਼ਾਮਲ ਹਨ। ਅੱਜ ਜ਼ਿਲ੍ਹੇ ਦੇ ਪਿੰਡ ਪਿੱਥੋ, ਜੇਠੂਕੇ, ਸਿਵੀਆ, ਮਹਿਮਾ ਭਗਵਾਨਾ, ਦਿਓਣ, ਕੋਠੇ ਗੁਰੂ ਆਦਿ ਪਿੰਡਾਂ ਵਿਚ ਕਿਸਾਨਾਂ ਨੇ ਜਥੇ ਰਵਾਨਾ ਹੋਏ। ਬੀਕੇਯੂ ਉਗਰਾਹਾਂ ਦੇ ਜ਼ਿਲ੍ਹਾ ਕਮੇਟੀ ਮੈਂਬਰ ਜਗਸੀਰ ਸਿੰਘ ਝੁੰਬਾਂ ਦਾ ਕਹਿਣਾ ਹੈ ਕਿ ਬੱਸਾਂ ਰਾਹੀਂ ਰਾਸ਼ਨ ਸਮਗਰੀ, ਦੁੱਧ ਤੇ ਕੰਬਲਾਂ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ 28 ਨਵੰਬਰ ਤੋਂ ਮੋਰਚੇ ਅੱਗੇ ਵਧਦਾ ਹੈ ਤਾਂ ਕਿਸਾਨ ਵੱਡੀ ਗਿਣਤੀ ਵਿਚ ਕਿਸਾਨ ਮੋਰਚੇ ਨੂੰ ਤਕੜਾ ਕਰਨ ਲਈ ਪੜਾਅ ਵਾਰ ਰਵਾਨਾ ਹੁੰਦੇ ਰਹਿਣਗੇ। ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਸਾਰੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਡਟੇ ਗਏ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਫ਼ਸਲ ਲਈ ਐਮਐਸਪੀ ਦੀ ਗਾਰੰਟੀ ਅਤੇ ਫ਼ਸਲੀ ਬੀਮਾ ਯੋਜਨਾ, ਸਮੇਤ ਕਿਸਾਨੀ ਦੇ ਕਰਜ਼ੇ ਮੁਆਫੀ ਸਮੇਤ ਹੋਰ ਮਸਲਿਆਂ ਲਈ ਇਹ ਮੋਰਚਾ ਪੂਰੀ ਤਰਾਂ ਭੱਖ ਗਿਆ ਹੈ। ਧਰਨੇ ਲਈ ਅਮਰੀਕ ਸਿੰਘ ਸਿਵੀਆ, ਗੁਰਪਾਲ ਸਿੰਘ ਦਿਓਣ, ਮੱਖਣ ਸਿੰਘ ਫ਼ੌਜੀ ਦੀ ਅਗਵਾਈ ਹੇਠ ਕਿਸਾਨ ਧਰਨੇ ਲਈ ਰਵਾਨਾ ਹੋਏ।