ਨਿੱਜੀ ਪੱਤਰ ਪ੍ਰੇਰਕ
ਜਲੰਧਰ, 29 ਨਵੰਬਰ
ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੁਲਤਾਨਪੁਰ ਲੋਧੀ ਗੁਰਦੁਆਰਾ ਮਾਮਲੇ ਵਿੱਚ ਤਿੰਨ ਨੌਜਵਾਨਾਂ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੇ 21 ਨਵੰਬਰ ਨੂੰ ਵਾਪਰੀ ਘਟਨਾ ਸਬੰਧੀ ਦਰਜ ਹੋਈ ਐੱਫਆਈਆਰ ਦੇ ਸਬੰਧ ’ਚ ਤਿੰਨ ਨੌਜਵਾਨਾਂ ਗੁਰਪ੍ਰੀਤ ਸਿੰਘ, ਨਿਸ਼ਾਨ ਸਿੰਘ ਤੇ ਬਘੇਲ ਸਿੰਘ ਨੂੰ ਗੁਰਦੁਆਰਾ ਬੇਰ ਸਾਹਿਬ ਦੇ ਬਾਹਰੋਂ 22 ਨਵੰਬਰ ਗ੍ਰਿਫ਼ਤਾਰ ਕੀਤਾ ਹੈ ਜਦਕਿ ਇਹ ਤਿੰਨੋਂ ਨੌਜਵਾਨ ਘਟਨਾ ਵਾਲੇ ਦਿਨ (21 ਨਵੰਬਰ) ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਗਏ ਹੋਏ ਸਨ।
ਮਜੀਠੀਆ ਨੇ ਆਖਿਆ ਕਿ ਇਨ੍ਹਾਂ ਨੌਜਵਾਨਾਂ ਨੂੰ ਸਿਰਫ ਇਸ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਕਿਉਂਕਿ ਉਹ ਨਿਹੰਗ ਬਾਣੇ ਵਿੱਚ ਸਨ। ਉਨ੍ਹਾਂ ਹਰਿਮੰਦਰ ਸਾਹਿਬ ਕੰਪਲੈਕਸ ਦੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਦਿਖਾਈ ਜਿਸ ਵਿੱਚ ਉਕਤ ਨੌਜਵਾਨ ਉਥੇ ਮੱਥਾ ਟੇਕਣ ਜਾਂਦੇ ਦਿਖਾਈ ਦੇ ਰਹੇ ਹਨ। ਪੀੜਤ ਨੌਜਵਾਨ ਗੁਰਪ੍ਰੀਤ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਆਪਣੀ ਭੈਣ ਦੇ ਵਿਆਹ ਲਈ ਕਿਸੇ ਨੂੰ ਸੱਦਾ ਪੱਤਰ ਦੇਣ ਸੁਲਤਾਨਪੁਰ ਲੋਧੀ ਗਿਆ ਸੀ ਅਤੇ ਉਸ ਦਾ ਗੁਰਦੁਆਰਾ ਅਕਾਲ ਬੁੰਗਾ ਸਾਹਿਬ ’ਤੇ ਕਬਜ਼ੇ ਵਾਲੀ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਹਰਸਿਮਰਤ ਵੱਲੋਂ ਸਰਕਾਰ ਦੀ ਕਾਰਵਾਈ ਦੀ ਨਿਖੇਧੀ
ਅੰਮ੍ਰਿਤਸਰ (ਟਨਸ): ਸਾਬਕਾ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਇਥੇ ਕਿਹਾ ਕਿ ਲੰਘੇ ਦਿਨੀਂ ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਅਕਾਲ ਬੁੰਗਾ ਵਿਖੇ ਸੰਗਤ ’ਤੇ ਹਮਲਾ ਕਰਨ ਦੀ ਵਾਪਰੀ ਘਟਨਾ ਨੇ ਸਿੱਖ ਕੌਮ ਨੂੰ ਸ੍ਰੀ ਹਰਿਮੰਦਰ ਸਾਹਿਬ ’ਤੇ ਜੂਨ 1984 ਵਿੱਚ ਹੋਇਆ ਹਮਲਾ ਯਾਦ ਕਰਵਾ ਦਿੱਤਾ ਹੈ। ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਮਗਰੋਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ ਕਿ ਹਥਿਆਰਬੰਦ ਪੁਲੀਸ ਵੱਲੋਂ ਸੰਗਤ ’ਤੇ ਕਥਿਤ ਹਮਲਾ ਕਿਉਂ ਕੀਤਾ ਗਿਆ। ਹਰਸਿਮਰਤ ਨੇ ਉਕਤ ਘਟਨਾ ਦੀ ਸੀਬੀਆਈ ਜਾਂਚ ਅਤੇ ਮਾਮਲੇ ’ਚ ਮੁੱਖ ਮੰਤਰੀ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਵੀ ਕੀਤੀ।