ਨਵੀਂ ਦਿੱਲੀ: ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਕਾਮਰਸ ਵਿੱਚ ਮਹਿਲਾ ਵਿਕਾਸ ਸੈੱਲ ਵੱਲੋਂ ਡਾ. ਸ਼ੋਭਾ ਵਿਜੇਂਦਰ ਦੀ ਪੁਸਤਕ ‘ਬ੍ਰੋਕਨ ਬ੍ਰਾਈਡਜ਼’ ਉਪਰ ਚਰਚਾ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਡਾ. ਨਮਿਤਾ ਗੁਪਤਾ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸੈੱਲ ਦੇ ਕਨਵੀਨਰ ਡਾ. ਗੁਰਦੀਪ ਕੌਰ ਨੇ ਇਸ ਸੈੱਲ ਦੇ ਕਾਰਜਾਂ ਉਪਰ ਚਾਨਣਾ ਪਾਉਂਦਿਆਂ ਪ੍ਰੋਗਰਾਮ ਦੀ ਮਹੱਤਤਾ ਨੂੰ ਉਜਾਗਰ ਕੀਤਾ। ਕਾਲਜ ਦੇ ਪ੍ਰਿੰਸੀਪਲ ਪ੍ਰੋ. ਜਤਿੰਦਰ ਬੀਰ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਅਜੋਕੇ ਦੌਰ ਵਿਚ ਅਜਿਹੇ ਵਿਸ਼ਿਆਂ ਪ੍ਰਤੀ ਸਭ ਦਾ ਜਾਗਰੂਕ ਹੋਣਾ ਜ਼ਰੂਰੀ ਹੈ। ਪ੍ਰੋ. ਨਮਿਤਾ ਗੁਪਤਾ ਕਿਹਾ ਕਿ ਡਾ. ਸ਼ੋਭਾ ਵਿਜੇਂਦਰ ਲਿਖਤ ਪੁਸਤਕ ਸਮਾਜ ਨੂੰ ਜਾਗਰੂਕ ਕਰ ਕੇ ਆਦਰਸ਼ਵਾਦੀ ਸਮਾਜ ਦੀ ਸਥਾਪਤੀ ਲਈ ਕੀਤਾ ਇਕ ਮਹੱਤਵਪੂਰਨ ਯਤਨ ਹੈ। ਉਪਰੰਤ ਡਾ. ਸ਼ੋਭਾ ਵਿਜੇਂਦਰ ਨੇ ਪੁਸਤਕ ਲਿਖਣ ਦੇ ਕਾਰਨਾਂ ਉਪਰ ਚਾਨਣਾ ਪਾਉਂਦਿਆਂ ਐੱਨਜੀਓ ‘ਸੰਪੂਰਨਾ’ ਦੇ ਕਾਰਜਾਂ ਬਾਰੇ ਦੱਸਦਿਆਂ ਕਈ ਅਜਿਹੀਆਂ ਔਰਤਾਂ ਦੇ ਕੇਸ ਵਿਦਿਆਰਥੀਆਂ ਨਾਲ ਸਾਂਝੇ ਕੀਤੇ, ਜਿਨ੍ਹਾਂ ਦੇ ਹਾਲਾਤਾਂ ਨੇ ਉਨ੍ਹਾਂ ਨੂੰ ਇਸ ਮੁੱਦੇ ਉਪਰ ਲਿਖਣ ਲਈ ਪ੍ਰੇਰਿਤ ਕੀਤਾ। -ਨਿੱਜੀ ਪੱਤਰ ਪ੍ਰੇਰਕ