ਨਵੀਂ ਦਿੱਲੀ, 1 ਦਸੰਬਰ
ਪੰਜਾਬ ਅਤੇ ਹਰਿਆਣਾ ਵਿਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੇ ਮਾਮਲਿਆਂ ਵਿਚ ਕ੍ਰਮਵਾਰ 27 ਫੀਸਦੀ ਅਤੇ 37 ਫੀਸਦੀ ਦੀ ਕਮੀ ਆਈ ਹੈ। ਕੇਂਦਰੀ ਵਾਤਾਵਰਣ ਮੰਤਰਾਲੇ ਨੇ ਦੱਸਿਆ ਕਿ 2020 ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 83,002 ਮਾਮਲੇ ਦਰਜ ਕੀਤੇ ਗਏ। ਪਰਾਲੀ ਸਾੜਨ ਦੇ ਮਾਮਲੇ 2021 ਵਿੱਚ 71,304, 2022 ਵਿੱਚ 49,922 ਅਤੇ ਇਸ ਸਾਲ 36,663 ਰਹਿ ਗਏ। ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਖੇਤਾਂ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ 27 ਫੀਸਦੀ ਦੀ ਕਮੀ ਆਈ ਹੈ। ਮੰਤਰਾਲੇ ਅਨੁਸਾਰ ਹਰਿਆਣਾ ਵਿੱਚ 2020 ਵਿੱਚ ਪਰਾਲੀ ਸਾੜਨ ਦੇ ਕੁੱਲ 4,202 ਮਾਮਲੇ ਸਨ ਪਰ 2021 ਵਿੱਚ 6,987, 2022 ਵਿੱਚ 3,661 ਅਤੇ ਇਸ ਸਾਲ 2,303 ਮਾਮਲੇ ਦਰਜ ਕੀਤੇ ਗਏ। ਮੰਤਰਾਲੇ ਨੇ ਕਿਹਾ ਕਿ ਇਸ ਤਰ੍ਹਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 37 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ 2021 ਦੇ ਮੁਕਾਬਲੇ 67 ਫੀਸਦੀ ਅਤੇ 2020 ਦੇ ਮੁਕਾਬਲੇ 45 ਫੀਸਦੀ ਘੱਟ ਹੈ।