ਇਸਲਾਮਾਬਾਦ, 1 ਦਸੰਬਰ
ਪਾਕਿਸਤਾਨ ਦੀ ਜਵਾਬਦੇਹੀ ਅਦਾਲਤ ਨੇ ਜੇਲ੍ਹ ਵਿੱਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ (71) ਤੇ ਉਸ ਦੀ ਪਤਨੀ ਸਣੇ ਕਈ ਹੋਰ ਸ਼ੱਕੀ ਵਿਅਕਤੀਆਂ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਕੌਮੀ ਜਵਾਬਦੇਹੀ ਬਿਊਰੋ (ਐੱਨਏਬੀ) ਦੇ ਵਕੀਲ ਮੁਜ਼ੱਫਰ ਅੱਬਾਸੀ ਅਤੇ ਜਾਂਚ ਅਧਿਕਾਰੀ ਉਮਰ ਨਦੀਮ ਨੇ ਇਸਲਾਮਾਬਾਦ ਦੀ ਜਵਾਬਦੇਹੀ ਅਦਾਲਤ ਵਿੱਚ ਕੇਸ ਦਾਇਰ ਕਰਵਾਇਆ ਹੈ। ਇਸ ਮਾਮਲੇ ਵਿੱਚ ਕੁੱਲ ਅੱਠ ਜਣਿਆਂ ਨੂੰ ਮੁਲਜ਼ਮ ਬਣਾਇਆ ਗਿਆ ਹੈ ਜਿਨ੍ਹਾਂ ਵਿੱਚ ਇਮਰਾਨ ਖਾਨ, ਉਸ ਦੀ ਪਤਨੀ ਬੁਸ਼ਰਾ ਬੀਬੀ, ਉਸ ਦੀ ਮਿੱਤਰ ਫਰਹਤ ਸ਼ਹਿਜ਼ਾਦੀ ਉਰਫ ਫਰਾਹ ਗੋਗੀ, ਪਾਕਿਸਤਾਨ ਤਹਿਰੀਕ-ਏ-ਇਨਸਾਫ ਆਗੂ ਜੁਲਫੀ ਬੁਖਾਰੀ, ਸ਼ਹਿਜ਼ਾਦ ਅਕਬਰ ਤੇ ਬੈਰਿਸਟਰ ਜ਼ਿਆ-ਉਲ-ਮੁਸਤਫਾ ਨਸੀਮ ਸ਼ਾਮਲ ਹਨ। ਕਾਬਿਲੇਗੌਰ ਹੈ ਕਿ ਐੱਨਸੀਬੀ ਨੇ ਅੱਜ 19 ਕਰੋੜ ਬ੍ਰਿਟਿਸ਼ ਪਾਊਂਡ (50 ਅਰਬ ਪਾਕਿਸਤਾਨੀ ਰੁਪਏ) ਦੇ ਨਿਪਟਾਰੇ ਮਾਮਲੇ ’ਚ ਇਮਰਾਨ ਖਾਨ, ਉਸ ਦੀ ਪਤਨੀ ਤੇ ਹੋਰ ਸ਼ੱਕੀ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰਵਾਇਆ ਹੈ। ਇਸ ਕੇਸ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ ਅਤੇ ਅਦਾਲਤ ਨੇ 19 ਕਰੋੜ ਬ੍ਰਿਟਿਸ਼ ਪਾਊਂਡ ਨਾਲ ਜੁੜੇ ਅਲ ਕਾਦਿਰ ਟਰੱਸਟ ਭ੍ਰਿਸ਼ਟਾਚਾਰ ਮਾਮਲੇ ਵਿੱਚ ਇਮਰਾਨ ਖਾਨ ਨੂੰ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। -ਪੀਟੀਆਈ