ਨਿੱਜੀ ਪੱਤਰ ਪ੍ਰੇਰਕ/ਪੱਤਰ ਪ੍ਰੇਰਕ
ਬਰਨਾਲਾ, 1 ਦਸੰਬਰ
ਬਰਨਾਲਾ ਵਾਸੀਆਂ ਦੀ ਪੁਰਾਣੀ ਮੰਗ ਨੂੰ ਪੂਰਾ ਕਰਦਿਆਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ 1.58 ਕਰੋੜ ਰੁਪਏ ਦੀ ਲਾਗਤ ਨਾਲ ਜੋਸ਼ੀਲਾ ਚੌਕ ਤੋਂ ਫੁਆਰਾ ਚੌਕ ਅਤੇ ਅੱਗੇ ਭਗਵਾਨ ਵਾਲਮੀਕ ਚੌਕ ਤੋਂ ਹੁੰਦੇ ਹੋਏ ਬੱਸ ਸਟੈਂਡ ਸੜਕ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਦੱਸਿਆ ਕਿ 86.94 ਲੱਖ ਰੁਪਏ ਦੀ ਲਾਗਤ ਨਾਲ ਫੁਆਰਾ ਚੌਕ ਤੋਂ ਜੋਸ਼ੀਲਾ ਚੌਕ (22 ਏਕੜ ਸਕੀਮ) ਤੱਕ ਸੜਕ ਬਣਾਈ ਜਾਵੇਗੀ। ਇਸ ਦੇ ਨਾਲ ਹੀ ਫੁਆਰਾ ਚੌਂਕ ਤੋਂ ਭਗਵਾਨ ਵਾਲਮੀਕ ਚੌਂਕ ਤੋਂ ਹੁੰਦੇ ਹੋਏ ਬੱਸ ਅੱਡੇ ਤੱਕ ਦੀ ਸੜਕ ’ਚ ਗਰਿੱਲਾਂ ਲਗਾਉਣ ਦਾ ਕੰਮ ਕੀਤਾ ਜਾਵੇਗਾ ਜਿਸ ਦੀ ਲਾਗਤ 71.78 ਲੱਖ ਰੁਪਏ ਹੋਵੇਗੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰੀ ਅਤੇ ਪੇਂਡੂ ਖੇਤਰਾਂ ’ਚ ਵਿਕਾਸ ਕਾਰਜ ਇਸੇ ਤਰੀਕੇ ਨਾਲ ਜਾਰੀ ਰਹਿਣਗੇ।
ਕੈਬਨਿਟ ਮੰਤਰੀ ਮੀਤ ਹੇਅਰ ਵੱਲੋਂ ਪਸ਼ੂ ਮੇਲੇ ਦਾ ਉਦਘਾਟਨ
ਧਨੌਲਾ (ਪੱਤਰ ਪ੍ਰੇਰਕ): ਇੱਥੇ ਪਸ਼ੂ ਮੇਲਾ ਗਰਾਊਂਡ ਵਿੱਚ ਲਗਾਏ ਜਾ ਰਹੇ ਤਿੰਨ ਰੋਜ਼ਾ ਪਸ਼ੂ ਮੇਲੇ ਦਾ ਉਦਘਾਟਨ ਅੱਜ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਵੱਲੋਂ ਕੀਤਾ ਗਿਆ। ਇਸ ਮੌਕੇ ਬਫੈਲੋ ਫਾਰਮਰਜ਼ ਐਸੋਸੀਏਸ਼ਨ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਸਵਾਗਤ ਕਰਦਿਆਂ ਦੱਸਿਆ ਕਿ ਨਾਲ ਲੱਗਦੇ ਸੂਬਿਆਂ ਤੋਂ ਪਸ਼ੂ ਪਾਲਕ ਵੱਡੀ ਗਿਣਤੀ ਵਿੱਚ ਹਿੱਸਾ ਲੈ ਰਹੇ ਹਨ। ਇਸ ਮੌਕੇ ਮੀਤ ਹੇਅਰ ਨੇ ਪਸ਼ੂ ਮੇਲੇ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਨਾਲ ਨਾਲ ਪਸ਼ੂ ਪਾਲਣ ਵਰਗੇ ਧੰਦੇ ਅਪਨਾਉਣ ਦੀ ਲੋੜ ਹੈ। ਇਸ ਮੌਕੇ ਇੰਪੂਰਵਮੈਂਟ ਟਰੱਸਟ ਦੇ ਚੇਅਰਮੈਨ ਰਾਮਤੀਰਥ ਸਿੰਘ ਮੰਨਾ, ਬੂਟਾ ਸਿੰਘ ਢਿੱਲੋਂ, ਜਸਵੰਤ ਸਿੰਘ ਕਾਹਲੋਂ, ਜੱਗਾ ਭਲਾਈਪੁਰ, ਲੱਕੀ ਸੰਧੂ, ਡਾ. ਜਗਜੀਤ ਸਿੰਘ ਹਾਜ਼ਰ ਸਨ।