ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਦਸੰਬਰ
ਸੀਬੀਐੱਸਈ ਵੱਲੋਂ ਦਸਵੀਂ ਤੇ ਬਾਰ੍ਹਵੀਂ ਦੀਆਂ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ ਵਿੱਚ ਬੋਰਡ ਵੱਲੋਂ ਕੋਈ ਡਿਵੀਜ਼ਨ (ਸ਼੍ਰੇਣੀ) ਜਾਂ ਡਿਸਟਿੰਕਸ਼ਨ (ਵਿਸ਼ੇਸ਼ ਦਰਜਾ) ਨਹੀਂ ਦਿੱਤੀ ਜਾਵੇਗੀ। ਇਸ ਕਰ ਕੇ ਬੋਰਡ ਪ੍ਰੀਖਿਆਵਾਂ ਵਿਚ ਕੁੱਲ ਅੰਕ ਵੀ ਨਹੀਂ ਦਿੱਤੇ ਜਾਣਗੇ। ਬੋਰਡ ਨੇ ਇਹ ਫੈਸਲਾ ਨਵੀਂ ਸਿੱਖਿਆ ਨੀਤੀ ਤਹਿਤ ਤੇ ਵਿਦਿਆਰਥੀਆਂ ਵਿੱਚ ਬੋਰਡ ਪ੍ਰੀਖਿਆਵਾਂ ਦੌਰਾਨ ਵਧਦੇ ਤਣਾਅ ਤੇ ਹੋਰ ਕਾਰਨਾਂ ਕਰ ਕੇ ਲਿਆ ਹੈ। ਬੋਰਡ ਦੇ ਪ੍ਰੀਖਿਆ ਕੰਟਰੋਲਰ ਸੰਯਮ ਭਾਰਦਵਾਜ ਨੇ ਦੱਸਿਆ ਕਿ ਇਸ ਸਬੰਧੀ ਬੋਰਡ ਕੋਲੋਂ ਕਈ ਵਾਰ ਮੰਗ ਕੀਤੀ ਗਈ ਸੀ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇ ਕਿਸੇ ਵਿਦਿਆਰਥੀ ਨੇ ਕਿਸੇ ਜਮਾਤ ਵਿੱਚ ਪੰਜ ਜਾਂ ਉਸ ਤੋਂ ਵੱਧ ਵਿਸ਼ਿਆਂ ਦੀ ਪ੍ਰੀਖਿਆ ਦਿੱਤੀ ਹੈ ਤਾਂ ਉਸ ਨੂੰ ਦਾਖਲਾ ਦੇਣ ਵਾਲੀ ਜਾਂ ਨੌਕਰੀ ਦੇਣ ਵਾਲੀ ਸੰਸਥਾ ਸਭ ਤੋਂ ਵਧੀਆ ਪੰਜ ਵਿਸ਼ਿਆਂ ਦੇ ਅੰਕਾਂ ਦੇ ਆਧਾਰ ’ਤੇ ਵਿਦਿਆਰਥੀ ਦੀ ਚੋਣ ਕਰ ਸਕਦੀ ਹੈ। ਬੋਰਡ ਨੇ ਦੱਸਿਆ ਕਿ ਪ੍ਰੀਖਿਆ ਉਪ-ਨਿਯਮਾਂ ਦੇ ਚੈਪਟਰ-7 ਦੀ ਉਪ-ਧਾਰਾ 40.1 (iii) ਅਨੁਸਾਰ ਵਿਦਿਆਰਥੀਆਂ ਦਾ ਡਿਵੀਜ਼ਨ, ਡਿਸਟਿੰਕਸ਼ਨ ਜਾਂ ਅੰਕਾਂ ਨਾਲ ਨਿਰੀਖਣ ਨਹੀਂ ਕੀਤਾ ਜਾਵੇਗਾ। ਚੰਡੀਗੜ੍ਹ ਦੇ ਨਿੱਜੀ ਸਕੂਲਾਂ ਦੇ ਪ੍ਰਿੰਸੀਪਲਾਂ ਨੇ ਸੀਬੀਐਸਈ ਦੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਫੈਸਲਾ ਵਿਦਿਆਰਥੀਆਂ ’ਤੇ ਅਕਾਦਮਿਕ ਦਬਾਅ ਨੂੰ ਘਟਾਏਗਾ। ਆਮ ਤੌਰ ’ਤੇ ਕਮਜ਼ੋਰ ਵਿਦਿਆਰਥੀ ਬੋਰਡ ਪ੍ਰੀਖਿਆਵਾਂ ਵਿੱਚ ਘੱਟ ਅੰਕ ਆਉਣ ਕਾਰਨ ਖੁਦਕੁਸ਼ੀ ਵਰਗੇ ਕਦਮ ਵੀ ਚੁੱਕ ਲੈਂਦੇ ਸਨ। ਇਹ ਫੈਸਲਾ ਇਮਤਿਹਾਨ ਦੀ ਕਾਰਗੁਜ਼ਾਰੀ ਦੀ ਬਜਾਏ ਸਮੁੱਚੀ ਸਿੱਖਿਆ ’ਤੇ ਜ਼ੋਰ ਦੇਣ ਨੂੰ ਉਤਸ਼ਾਹਿਤ ਕਰਦਾ ਹੈ।