ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 1 ਦਸੰਬਰ
ਜਨਵਾਦੀ ਲੇਖਕ ਸੰਘ ਵੱਲੋਂ ਸ਼ੁਰੂ ਕੀਤੀ ਸਾਹਿਤਕ ਸਮਾਗਮਾਂ ਦੀ ਲੜੀ ਤਹਿਤ ਸਥਾਨਕ ਆਤਮ ਪਬਲਿਕ ਸਕੂਲ ਵਿੱਚ ਸ਼ਾਇਰ ਅਤੇ ਪਰਵਾਸੀ ਸਾਹਿਤਕਾਰ ਡਾ. ਲਖਵਿੰਦਰ ਸਿੰਘ ਗਿੱਲ ਨਾਲ ਸਾਹਿਤਕ ਸੰਵਾਦ ਰਚਾਇਆ ਗਿਆ। ਸਮਾਗਮ ਦੇ ਕਨਵੀਨਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮਾਂ ਦੀ ਪਿਰਤ ਤੋਂ ਸਾਡਾ ਮਨੋਰਥ ਜਿੱਥੇ ਲੇਖਕ ਦੇ ਆਪਣੇ ਪਰਿਵਾਰ ਅਤੇ ਸਾਹਿਤਕ ਪਰਿਵਾਰ ਦਾ ਆਪਸੀ ਤਾਲਮੇਲ ਬਣਾਉਣਾ ਹੈ, ਉੱਥੇ ਘਰ ਪਰਿਵਾਰ ਅੰਦਰ ਟੁੱਟ ਰਹੇ ਆਪਸੀ ਸੰਵਾਦ ਨੂੰ ਬਹਾਲ ਕਰਾਉਣਾ ਵੀ ਹੈ। ਡਾ. ਲਖਵਿੰਦਰ ਗਿੱਲ ਨੇ ਆਪਣੇ ਮਰਹੂਮ ਸ਼ਾਇਰ ਮਿੱਤਰ ਦੇਵ ਦਰਦ ਸਾਹਿਬ ਨੂੰ ਚੇਤੇ ਕਰਦਿਆਂ ਕਿਹਾ ਕਿ ਜਿਹੜਾ ਪਰਵਾਸ ਬੰਦੇ ਨੂੰ ਰੋਜ਼ੀ ਰੋਟੀ ਬਖ਼ਸ਼ਦਾ ਹੈ, ਉਨ੍ਹਾਂ ਮੁਲਕਾਂ ਵਿੱਚ ਵੱਸਣਾ ਜੀਵਨ ਦੀ ਇਕ ਲੋੜ ਬਣ ਗਈ ਹੈ। ਰਵੀਜੀਤ ਹੁਰਾਂ ਨੇ ਕਿਹਾ ਕਿ ਡਾ. ਗਿੱਲ ਦੇ ਲਿਖਣ ਵਿਚ ਸਹਿਜਤਾ ਅਤੇ ਬੋਲਣ ਵਿਚ ਠਰ੍ਹੰਮਾ ਹੈ। ਡਾ. ਕਸ਼ਮੀਰ ਸਿੰਘ ਅਤੇ ਅੰਕਿਤਾ ਸਹਿਦੇਵ ਨੇ ਕਿਹਾ ਕਿ ਅਜਿਹੇ ਸਮਾਗਮ ਜਿੱਥੇ ਲੇਖਕ ਨੂੰ ਮਾਣ ਇੱਜ਼ਤ ਬਖ਼ਸ਼ਦੇ ਹਨ, ਉੱਥੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਸਰੋਤ ਵੀ ਬਣਦੇ ਹਨ।