ਗੁਰਨਾਮ ਸਿੰਘ ਚੌਹਾਨ
ਪਾਤੜਾਂ, 2 ਦਸੰਬਰ
ਟਰੈਕਟਰ ਏਜੰਸੀ ਵਲੋਂ ਟਰੈਕਟਰ ਦੀ ਸਾਰੀ ਰਕਮ ਲੈਣ ਦੇ ਬਾਵਜੂਦ ਰਜਿਸਟ੍ਰੇਸ਼ਨ ਕਾਪੀ ਤੇ ਬੀਮੇ ਦੀ ਰਸੀਦ ਨਹੀਂ ਦਿੱਤੀ ਗਈ। ਡੇਢ ਸਾਲ ਤੋਂ ਏਜੰਸੀ ਵਿਚ ਗੇੜ੍ਹੇ ਲਾ ਕੇ ਅੱਕ ਚੁੱਕੇ ਕਿਸਾਨ ਦੀ ਮਦਦ ਉਤੇ ਆਈ ਕਿਸਾਨ ਯੂਨੀਅਨ ਉਗਰਾਹਾਂ ਨੇ ਏਜੰਸੀ ਦੇ ਦਫ਼ਤਰ ਅੱਗੇ ਧਰਨਾ ਲਾ ਦਿੱਤਾ। ਮਾਹੌਲ ਉਸ ਵੇਲੇ ਗਰਮਾ ਗਿਆ ਜਦੋਂ ਏਜੰਸੀ ਮਾਲਕ ਨੇ ਧਰਨਾ ਦੇ ਰਹੇ ਕਿਸਾਨਾਂ ਉੱਪਰ ਟਰੈਕਟਰ ਕਥਿਤ ਤੌਰ ’ਤੇ ਚੜ੍ਹਉਣ ਦੀ ਕੋਸ਼ਿਸ਼ ਕੀਤੀ। ਕਿਸਾਨਾਂ ਨੇ ਨਾਅਰੇਬਾਜ਼ੀ ਕੀਤੀ ਤੇ ਏਜੰਸੀ ਮਾਲਕ ਖ਼ਿਲਾਫ਼ ਸਖ਼ਤ ਕਰਵਾਈ ਦੀ ਮੰਗ ਕੀਤੀ। ਮੌਕੇ ’ਤੇ ਪੁੱਜੀ ਪੁਲੀਸ ਨੇ ਪੜਤਾਲ ਕਰਕੇ ਬਣਦੀ ਕਾਰਵਾਈ ਕਰਨ ਦਾ ਯਕੀਨ ਦਿਵਾਇਆ ਹੈ।