ਨਵੀਂ ਦਿੱਲੀ, 2 ਦਸੰਬਰ
ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਤਿਲੰਗਾਨਾ ਦੀਆਂ ਵਿਧਾਨ ਸਭਾਵਾਂ ਲਈ ਪਈਆਂ ਵੋਟਾਂ ਦੇ ਨਤੀਜੇ ਭਲਕੇ 3 ਦਸੰਬਰ ਨੂੰ ਆਉਣਗੇ ਤੇ ਪ੍ਰਸ਼ਾਸਨ ਨੇ ਇਸ ਲਈ ਪੁਖਤਾ ਬੰਦੋਬਸਤ ਕਰ ਲਏ ਹਨ। ਇਨ੍ਹਾਂ ਚੋਣਾਂ ਨੂੰ ਛੇ ਮਹੀਨੇ ਤੋਂ ਵੀ ਘੱਟ ਸਮੇਂ ਅੰਦਰ ਹੋਣ ਵਾਲੀਆਂ ਆਮ ਚੋਣਾਂ ਦੇ ਸੈਮੀ ਫਾਈਨਲ ਵਜੋਂ ਦੇਖਿਆ ਜਾ ਰਿਹਾ ਹੈ। ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਵਿੱਚ ਕਾਂਗਰਸ ਤੇ ਭਾਜਪਾ ਦਰਮਿਆਨ ਸਿੱਧੀ ਟੱਕਰ ਦਿਖਾਈ ਦੇ ਰਹੀ ਜਦਕਿ ਤਿਲੰਗਾਨਾ ’ਚ ਕੇ ਚੰਦਰਸ਼ੇਖਰ ਰਾਓ ਦੀ ਅਗਵਾਈ ਹੇਠਲੀ ਬੀਆਰਐੱਸ ਲਗਾਤਾਰ ਤੀਜੀ ਵਾਰ ਸਰਕਾਰ ਬਣਾਉਣ ਦੀ ਆਸ ਲਾਈ ਬੈਠੀ ਹੈ। ਇਨ੍ਹਾਂ ਨਤੀਜਿਆਂ ਨੂੰ ਲੈ ਕੇ ਚੋਣ ਮਾਹਿਰਾਂ ਨੇ ਵੀ ਵੰਡਵੀਂ ਰਾਏ ਦਿੱਤੀ ਹੈ। ਕੁਝ ਐਕਜ਼ਿਟ ਪੋਲ ਮੱਧ ਪ੍ਰਦੇਸ਼ ਵਿੱਚ ਭਾਜਪਾ ਨੂੰ ਅੱਗੇ ਦੱਸ ਰਹੇ ਹਨ ਤੇ ਰਾਜਸਥਾਨ ਵਿੱਚ ਸਖਤ ਮੁਕਾਬਲਾ ਦਿਖਾ ਰਹੇ ਹਨ ਜਦਕਿ ਕੁਝ ਐਗਜ਼ਿਟ ਪੋਲ ਤਿਲੰਗਾਨਾ ਤੇ ਛੱਤੀਸਗੜ੍ਹ ਵਿੱਚ ਕਾਂਗਰਸ ਨੂੰ ਅੱਗੇ ਦਿਖਾ ਰਹੇ ਹਨ। ਸਾਰੀਆਂ ਪਾਰਟੀਆਂ ਵੱਲੋਂ ਆਪੋ-ਆਪਣੀ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਸਵੇਰੇ 8 ਵਜੇ ਪੋਸਟਲ ਬੈਲੇਟ ਖੁੱਲ੍ਹਣ ਦੇ ਨਾਲ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ। ਮੱਧ ਪ੍ਰਦੇਸ਼ ਦੀਆਂ 230, ਛੱਤੀਸਗੜ੍ਹ ਦੀਆਂ 90, ਤਿਲੰਗਾਨਾ ਦੀਆਂ 119 ਤੇ ਰਾਜਸਥਾਨ ਦੀ 199 ਸੀਟਾਂ ਲਈ ਪਈਆਂ ਵੋਟਾਂ ਦੀ ਹੋਣ ਵਾਲੀ ਗਿਣਤੀ ਲਈ ਸੁਰੱਖਿਆ ਦੇ ਸਖਤ ਬੰਦੋਬਸਤ ਕੀਤੇ ਗਏ ਹਨ। ਚੋਣ ਅਧਿਕਾਰੀਆਂ ਨੇ ਦੱਸਿਆ ਕਿ ਵੋਟ ਗਿਣਤੀ ਕੇਂਦਰਾਂ ’ਤੇ ਤਿੰਨ-ਪਰਤੀ ਸੁਰੱਖਿਆ ਤਾਇਨਾਤ ਕੀਤੀ ਗਈ ਹੈ ਅਤੇ ਵੈਧ ਪਾਸਧਾਰਕਾਂ ਨੂੰ ਹੀ ਵੋਟ ਗਿਣਤੀ ਕੇਂਦਰਾਂ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਸ ਸਾਲ ਮਈ ਵਿੱਚ ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਮਗਰੋਂ ਕਾਂਗਰਸ ਦੀਆਂ ਨਜ਼ਰਾਂ ਮੱਧ ਪ੍ਰਦੇਸ਼ ਤੇ ਤਿਲੰਗਾਨਾ ’ਚ ਜਿੱਤ ਦਰਜ ਕਰਨ ਅਤੇ ਰਾਜਸਥਾਨ ਤੇ ਛੱਤੀਸਗੜ੍ਹ ’ਚ ਸੱਤਾ ਕਾਇਮ ਰੱਖਣ ’ਤੇ ਲੱਗੀਆਂ ਹੋਈਆਂ ਹਨ। ਇਨ੍ਹਾਂ ਚੋਣਾਂ ਵਿੱਚ ਜੇਕਰ ਕਾਂਗਰਸ ਪ੍ਰਭਾਵਸ਼ਾਲੀ ਕਾਰਗੁਜ਼ਾਰੀ ਦਿਖਾਉਂਦੀ ਹੈ ਤਾਂ ‘ਇੰਡੀਆ’ ਗੱਠਜੋੜ ’ਚ ਉਸ ਦਾ ਕੱਦ ਹੋਰ ਵਧੇਗਾ। ਦੂਜੇ ਪਾਸੇ ਮੱਧ ਪ੍ਰਦੇਸ਼ ਦੇ ਚਾਰ ਵਾਰ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਸੂਬੇ ਵਿੱਚ ਮੁੜ ਭਾਜਪਾ ਦੀ ਸਰਕਾਰ ਬਣਨ ਦੀ ਆਸ ਹੈ। ਭਾਜਪਾ ਨੂੰ ਰਾਜਸਥਾਨ ਤੇ ਛੱਤੀਸਗੜ੍ਹ ’ਚ ਵੀ ਜਿੱਤਣ ਦੀ ਉਮੀਦ ਹੈ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਜੈਪੁਰ ’ਚ ਕਿਹਾ, ‘ਕਾਂਗਰਸ ਦਾ ਚਿਹਰਾ ਸਾਹਮਣੇ ਆ ਚੁੱਕਾ ਹੈ। ਭਲਕੇ ਸਿਰਫ਼ ਨਤੀਜੇ ਆਉਣੇ ਹਨ। ਲੋਕ ਜੋ ਚੰਗਾ ਪ੍ਰਸ਼ਾਸਨ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਭਾਜਪਾ ਦੀ ਸਰਕਾਰ ਵਿਚ ਮਿਲੇਗਾ।’ ਉਨ੍ਹਾਂ ਕਿਹਾ ਕਿ ਲੋਕ ਭਾਜਪਾ ਦੀ ‘ਡਬਲ ਇੰਜਣ’ ਸਰਕਾਰ ਚਾਹੁੰਦੇ ਹਨ। -ਪੀਟੀਆਈ
ਰਾਜਸਥਾਨ: ਆਜ਼ਾਦ ਤੇ ਬਾਗੀ ਉਮੀਦਵਾਰਾਂ ਤੱਕ ਪਹੁੰਚਣ ਲੱਗੀਆਂ ਪਾਰਟੀਆਂ
ਜੈਪੁਰ: ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ ਮੱਦੇਨਜ਼ਰ ਭਾਜਪਾ ਤੇ ਕਾਂਗਰਸ ਦੋਵਾਂ ਨੇ ਬਾਗੀਆਂ ਸਮੇਤ ਆਜ਼ਾਦ ਉਮੀਦਵਾਰਾਂ ਤੇ ਛੋਟੀਆਂ ਪਾਰਟੀਆਂ ਤੱਕ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਟਿਕਟ ਨਾ ਦਿੱਤੇ ਜਾਣ ਕਾਰਨ ਦੋਵਾਂ ਪਾਰਟੀਆਂ ਤੋਂ ਨਾਰਾਜ਼ ਹੋਏ ਤਕਰੀਬਨ 40 ਬਾਗੀ ਉਮੀਦਵਾਰਾਂ ਨੇ ਚੋਣ ਲੜੀ ਹੈ ਤੇ ਵਿਰੋਧੀ ਉਮੀਦਵਾਰ ਨੂੰ ਸਖਤ ਮੁਕਾਬਲਾ ਦਿੱਤਾ ਹੈ। ਕਈ ਐਗਜ਼ਿਟ ਪੋਲਜ਼ ਵਿੱਚ ਭਾਜਪਾ ਤੇ ਕਾਂਗਰਸ ਵਿਚਾਲੇ ਸਖਤ ਮੁਕਾਬਲਾ ਹੋਣ ਦਾ ਦਾਅਵਾ ਕੀਤੇ ਜਾਣ ਮਗਰੋਂ ਆਜ਼ਾਦ ਵਿਧਾਇਕ ਅਹਿਮ ਭੂਮਿਕਾ ਨਿਭਾ ਸਕਦੇ ਹਨ। ਦੋਵਾਂ ਪਾਰਟੀਆਂ ਦੇ ਸੂਤਰਾਂ ਨੇ ਕਿਹਾ ਕਿ ਇਹ ਯਕੀਨੀ ਬਣਾਉਣ ਲਈ ਵੱਖ ਵੱਖ ਪੱਧਰਾਂ ’ਤੇ ਤਿਆਰੀ ਕੀਤੀ ਗਈ ਹੈ ਕਿ ਜੇਕਰ ਚੋਣ ਨਤੀਜਾ ਵੰਡਿਆ ਹੋਇਆ ਆਉਂਦਾ ਹੈ ਤਾਂ ਚੋਣ ਜਿੱਤਣ ਵਾਲੇ ਆਜ਼ਾਦ ਤੇ ਬਾਗੀ ਉਮੀਦਵਾਰਾਂ ਨੂੰ ਆਪਣੇ ਪਾਲੇ ਵਿੱਚ ਲਿਆਂਦਾ ਜਾਵੇ। ਕਾਂਗਰਸ ਦੇ ਸੂਤਰ ਨੇ ਸੂਬੇ ਵਿੱਚ ਸਰਕਾਰ ਬਣਨ ਦਾ ਭਰੋਸਾ ਜ਼ਾਹਿਰ ਕਰਦਿਆਂ ਕਿਹਾ ਕਿ ਪਾਰਟੀ ਆਗੂ ਆਜ਼ਾਦ ਤੇ ਬਾਗੀ ਉਮੀਦਵਾਰਾਂ ਦੇ ਸੰਪਰਕ ਵਿੱਚ ਹਨ। ਇਸੇ ਤਰ੍ਹਾਂ ਭਾਜਪਾ ਨੇ ਕਿਹਾ ਕਿ ਪਾਰਟੀ ਆਗੂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਵਾਲੇ ਆਗੂਆਂ ਤੱਕ ਪਹੁੰਚ ਕਰ ਰਹੇ ਹਨ। ਆਜ਼ਾਦ ਤੇ ਬਾਗੀ ਉਮੀਦਵਾਰਾਂ ਤੋਂ ਇਲਾਵਾ ਭਾਜਪਾ ਤੇ ਕਾਂਗਰਸ ਲੋੜ ਪੈਣ ’ਤੇ ਛੋਟੀਆਂ ਪਾਰਟੀਆਂ ਨਾਲ ਗੱਠਜੋੜ ਦੀਆਂ ਸੰਭਾਵਨਾਵਾਂ ਦੇਖ ਰਹੀਆਂ ਹਨ। -ਪੀਟੀਆਈ