ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 3 ਦਸੰਬਰ
ਇੱਥੇ ਕਰਵਾਈ ਗਈ ਗੀਤਾ ਰਨ ਵਿਚ ਅੱਜ ਸੂਬੇ ਦੇ ਵੱਖ ਵੱਖ ਖੇਤਰਾਂ ਤੋਂ ਆਏ ਲੋਕਾਂ ਨੇ ਹਿੱਸਾ ਲਿਆ। ਜ਼ਿਲਾ ਖੇਡ ਵਿਭਾਗ ਵਲੋਂ ਕਰਵਾਈ ਗਈ ਗੀਤਾ ਰਨ ਨੂੰ ਵਿਧਾਇਕ ਸੁਭਾਸ਼ ਸੁਧਾ ਨੇ ਝੰਡੀ ਦੇ ਕੇ ਰਵਾਨਾ ਕੀਤਾ। ਪੁਰਸ਼ਾਂ ਦੀ ਇਸ 10 ਕਿਲੋਮੀਟਰ ਦੀ ਦੌੜ ਵਿਚ ਰੋਹਤਕ ਦੇ ਆਰਿਫ ਅਲੀ ਨੇ ਪਹਿਲਾ, ਸੋਨੀਪਤ ਦੇ ਰੋਹਿਤ ਨੇ ਦੂਜਾ ਅਤੇ ਰੋਹਤਕ ਦੇ ਪਰਮਜੀਤ ਨੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਨੂੰ ਕ੍ਰਮਵਾਰ 31 ਹਜ਼ਾਰ, 21 ਹਜ਼ਾਰ ਤੇ 11 ਹਜ਼ਾਰ ਰੁਪਏ ਦੇ ਕੇ ਸਨਮਾਨਿਆ ਗਿਆ। ਇਸੇ ਤਰ੍ਹਾਂ 5 ਕਿਲੋਮੀਟਰ ਦੀ ਮਹਿਲਾ ਦੌੜ ਵਿਚ ਕੁਰੂਕਸ਼ੇਤਰ ਦੀ ਅੰਜਲੀ ਨੇ ਪਹਿਲਾ, ਰਿੰਪੀ ਅੰਬਾਲਾ ਨੇ ਦੂਜਾ ਤੇ ਰੋਹਤਕ ਦੀ ਨੇਹਾ ਪੰਵਾਰ ਨੇ ਤੀਜਾ ਸਥਾਨ ਹਾਸਲ ਕੀਤਾ, ਜਿਨ੍ਹਾਂ ਨੂੰ ਕ੍ਰਮਵਾਰ 31 ਹਜ਼ਾਰ, 21 ਹਜ਼ਾਰ ਤੇ 11 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪੁਰਸ਼ ਵਰਗ ਵਿਚ ਕਰਨਾਲ ਤੋਂ ਸੌਰਵ, ਰਾਜਸਥਾਨ ਤੋਂ ਮੁਕੇਸ਼ ਕੁਮਾਰ, ਕੁਰੂਕਸ਼ੇਤਰ ਤੋਂ ਰਵੀ, ਰੋਹਤਕ ਤੋਂ ਸੁਮਿਤ, ਨਿਖਲ, ਵਿਕਾਸ ਤੇ ਸੌਰਭ, ਮਹਿਲਾ ਵਰਗ ਵਿਚ ਕਰਨਾਲ ਤੋਂ ਸਿਮਰਨ, ਕੁਰੂਕਸ਼ੇਤਰ ਤੋਂ ਗੁੰਜਨ, ਮਹਿਕ, ਹਰਸ਼ਿਤਾ ਤੇ ਮਹਿਕ ਨੂੰ ਵੀ ਪੁਰਸਕਾਰ ਦਿੱਤੇ ਗਏ। ਵਿਧਾਇਕ ਨੇ ਕਿਹਾ ਕਿ ਇਸ ਗੀਤਾ ਰਨ ਨਾਲ ਕੌਮਾਂਤਰੀ ਗੀਤਾ ਮਹੋਤਸਵ ਦਾ ਆਗਾਜ਼ ਹੋ ਗਿਆ ਹੈ। ਉਨ੍ਹਾਂ ਖਿਡਾਰੀਆਂ ਨੂੰ ਮਿਹਨਤ ਅਤੇ ਲਗਨ ਨਾਲ ਜ਼ਿੰਦਗੀ ’ਚ ਅੱਗੇ ਵਧਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਜਦ ਨੌਜਵਾਨ ਉਤਸ਼ਾਹ ਨਾਲ ਖੇਡੇਗਾ ਤਾਂ ਯਕੀਨੀ ਤੌਰ ’ਤੇ ਦੇਸ਼ ਖੇਡਾਂ ਦੇ ਨਾਲ ਨਾਲ ਹਰ ਖੇਤਰ ਵਿਚ ਬੁਲੰਦੀਆਂ ਨੂੰ ਛੋਹੇਗਾ। ਮੰਚ ਸੰਚਾਲਨ ਡੀਆਈਪੀਆਰਓ ਡਾ. ਨਰੇਂਦਰ ਸਿੰਘ ਨੇ ਕੀਤਾ। ਇਸ ਮੌਕੇ ਰਿਸ਼ੀ ਪਾਲ ਮਥਾਣਾ, ਡਾਕਟਰ ਅਸ਼ੋਕ, ਡਾਕਟਰ ਐੱਮ ਕੇ ਮੌਦਗਿਲ, ਸੁਰੇਸ਼ ਸੈਣੀ, ਚੀਫ ਕੋਚ ਸਤਪਾਲ ਸਿੰਘ, ਗੁਰਨਾਮ ਸਿੰਘ ਤੇ ਹੋਰ ਹਾਜ਼ਰ ਸਨ।